ਪ੍ਰਧਾਨ ਮੰਤਰੀ ਵੱਲੋਂ ਪਰਵਾਸੀ ਕਾਮਿਆਂ ਲਈ ਰੁਜਗਾਰ ਸਕੀਮ ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ।
ਨਵੀਂ ਦਿੱਲੀ, 20 ਜੂਨ (ਪੰਜਾਬੀ ਸਪੈਕਟ੍ਰਮ ਸਰਵਿਸ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਪਰਵਾਸੀ ਕਾਮਿਆਂ ਲਈ ਰੁਜਗਾਰ ਸਕੀਮ ਦੀ ਸ਼ੁਰੂਆਤ ਕੀਤੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ਵਿਆਪੀ ਲੌਕਡਾਊਨ ਕਰਕੇ ਸ਼ਹਿਰਾਂ ਤੋਂ ਪ੍ਰਤਿਭਾ ਪਿੰਡਾਂ ਨੂੰ ਪਰਤ ਗਈ ਸੀ ਤੇ ਇਸ ਸਕੀਮ ਦੇ ਅਮਲ ਵਿੱਚ ਆਉਣ ਨਾਲ ਪੇਂਡੂ ਖੇਤਰਾਂ ਵਿੱਚ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ।
‘ਗਰੀਬ ਕਲਿਆਣ ਰੁਜਗਾਰ ਅਭਿਆਨ’ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਹਨ, ਜੋ ਕਰੋਨਾ ਖਿਲਾਫ ਲੜਾਈ ਵਿੱਚ ਪਿੰਡ ਦੇ ਲੋਕਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਨਹੀਂ ਕਰਦੇ, ਪਰ ਉਹ (ਮੋਦੀ) ਉਨ੍ਹਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦੇ ਹਨ, ਜੋ ਸ਼ਹਿਰਾਂ ਲਈ ਵੱਡਾ ਸਬਕ ਹਨ। ਉਂਜ ਆਪਣੀ ਤਕਰੀਰ ਤੋਂ ਪਹਿਲਾਂ ਸ੍ਰੀ ਮੋਦੀ ਨੇ ਪੂਰਬੀ ਲੱਦਾਖ ਵਿੱਚ ਚੀਨ ਨਾਲ ਹੋਏ ਟਕਰਾਅ ਮੌਕੇ ਸ਼ਹੀਦ ਹੋਏ ਬਿਹਾਰ ਰੈਜੀਮੈਂਟ ਦੇ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ।
ਸ੍ਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਬਿਹਾਰ ਦੇ ਕਟਿਹਾਰ ਪਿੰਡ ਤੋਂ ਸਕੀਮ ਦਾ ਆਗਾਜ ਕੀਤਾ। ਇਸ ਮੌਕੇ ਬਿਹਾਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਝਾਰਖੰਡ ਦੇ ਮੁੱਖ ਮੰੰਤਰੀਆਂ ਤੋਂ ਇਲਾਵਾ ਉੜੀਸਾ ਦਾ ਇਕ ਮੰਤਰੀ ਵੀ ਵਰਚੂਅਲ ਕਾਨਫਰੰਸ ’ਚ ਸ਼ਾਮਲ ਸੀ।