ਸਰਹੱਦ ‘ਤੇ ਜੰਗ ਦੀ ਦਹਿਸ਼ਤ, ਪਿੰਡ ਖਾਲੀ ਕਰਾਏ, ਫੌਜੀਆਂ ਨੇ ਸੰਭਾਲੇ ਮੋਰਚੇ

ਗਲਵਾਨ ਘਾਟੀ ‘ਤੇ ਦਾਅਵਾ ਠੋਕਣ ਦੇ ਇਰਾਦੇ ਵਾਲੇ ਚੀਨੀ ਫੌਜ ਦੇ ਰਵੱਈਏ ਕਾਰਨ ਲਗਾਤਾਰ ਤੀਜੇ ਦਿਨ ਵੀ ਗੱਲਬਾਤ ਦਾ ਕੋਈ ਹੱਲ ਨਹੀਂ ਨਿਕਲਿਆ। ਹਾਲਾਂਕਿ ਬੈਠਕ ਦੇ ਨਤੀਜਿਆਂ ਨੂੰ ਲੈ ਕੇ ਦੋਵੇਂ ਪੱਖਾਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ। ਭਾਰਤ-ਚੀਨ ‘ਚ ਫੌਜ ਵਿਚਾਲੇ ਕਮਾਂਡਰ ਪੱਧਰ ਦੀ ਬੈਠਕ ਵੀਰਵਾਰ ਗਵਾਨ ਘਾਟੀ ਦੇ ਪੁਆਇੰਟ-14 ਦੇ ਕਰੀਬ ਹੋਈ ਸੀ।

ਨਵੀਂ ਦਿੱਲੀ: ਗਲਵਾਨ ਘਾਟੀ ‘ਚ ਭਾਰਤ ਤੇ ਚੀਨ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤੀ ਫੌਜ ਨੇ ਸਾਰੇ ਮੋਰਚਿਆਂ ‘ਤੇ ਤਾਇਨਾਤੀ ਵਧਾ ਦਿੱਤੀ ਹੈ। ਕਈ ਸਰਹੱਦੀ ਪਿੰਡ ਵੀ ਖਾਲੀ ਕਰਵਾਏ ਜਾ ਰਹੇ ਹਨ। ਮੌਜੂਦਾ ਹਾਲਾਤ ਸਥਿਰ ਕਰਨ ਲਈ ਕਮਾਂਡਰ ਪੱਧਰ ‘ਤੇ ਹੋਈ ਗੱਲਬਾਤ ‘ਚ ਫੌਜ ਨੇ ਫਿਰ ਸਪਸ਼ਟ ਕਰ ਦਿੱਤਾ ਹੈ ਕਿ ਗਲਵਾਨ ਘਾਟੀ ‘ਚ ਪਹਿਲਾਂ ਦੀ ਤਰ੍ਹਾਂ ਸਥਿਤੀ ਬਹਾਲ ਕਰਨ ਤੋਂ ਇਲਾਵਾ ਚੀਨ ਕੋਲ ਕੋਈ ਦੂਜਾ ਵਿਕਲਪ ਨਹੀਂ।

ਇਸ ਤੋਂ ਪਹਿਲਾਂ ਸੋਮਵਾਰ ਹੋਈ ਝੜਪ ‘ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਸੂਤਰਾਂ ਦਾ ਕਹਿਣਾ ਹੈ ਕਿ ਚੀਨ ਬੇਸ਼ੱਕ ਮੂੰਹ ਨਹੀਂ ਖੋਲ੍ਹ ਰਿਹਾ ਪਰ ਉਸ ਦੇ ਵੀ ਇਸ ਝੜਪ ਦੌਰਾਨ 45 ਜਵਾਨ ਮਾਰੇ ਗਏ ਹਨ। ਗਲਵਾਨ ਘਾਟੀ ਦੀ ਘਟਨਾ ਤੋਂ ਬਾਅਦ ਭਾਰਤੀ ਫੌਜ ਨੇ ਚੌਕਸੀ ਵਧਾ ਦਿੱਤੀ ਹੈ। ਇਸ ਥਾਂ ਤੋਂ 2-3 ਕਿਮੀ ਦੂਰ ਫੌਜ ਦੇ ਦਰਜਨਾਂ ਟਰੱਕ ਆਪਣੇ ਸਾਜੋ ਸਾਮਾਨ ਨਾਲ ਖੜ੍ਹੇ ਹਨ। ਉਧਰ ਚੀਨ ਨੇ ਵੀ ਗਲਵਾਨ ਘਾਟੀ ਤੋਂ ਇਕ ਕਿਮੀ ਦੂਰ ਐਲਏਸੀ ਦੇ ਪਾਰ ਆਪਣੇ ਇਲਾਕੇ ‘ਚ ਫੌਜੀ ਵਾਹਨਾਂ ਤੇ ਫੌਜ ਨੂੰ ਤਾਇਨਾਤ ਕੀਤਾ ਹੋਇਆ ਹੈ।

ਫਿਲਹਾਲ ਇਹ ਵਿਵਾਦ ਥੰਮਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਚੀਨ ਅਜੇ ਵੀ ਗਲਵਾਨ ਘਾਟੀ ‘ਚ ਸੰਘਰਸ਼ ਦੇ ਇਲਾਕੇ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਹਾਲਾਂਕਿ ਦੋਵਾਂ ਦੇਸ਼ਾਂ ਵੱਲੋਂ ਤਣਾਅ ਦੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।