ਕਾਰ ‘ਚ ਸੀ 20 ਕਿੱਲੋ ਆਈਈਡੀ, ਸੁਰੱਖਿਆ ਬਲਾਂ ਨੇ ਘੇਰ ਕੇ ਉਡਾਈ

ਪੁਲਵਾਮਾ ਦੇ ਅਯਾਨਗੁੰਡ ਖੇਤਰ ਵਿੱਚ ਸੁਰੱਖਿਆ ਬਲਾਂ ਨੇ ਵਿਸਫੋਟਕਾਂ ਨਾਲ ਭਰੀ ਸੈਂਟਰੋ ਕਾਰ ਨੂੰ ਬਰਾਮਦ ਕਰ ਉਸ ਨੂੰ ਉਡਾ ਦਿੱਤਾ।

ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਪੁਲਵਾਮਾ ਵਰਗੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਇੱਥੇ ਰਾਜਪੁਰਾ ਰੋਡ ‘ਤੇ ਸ਼ਾਦੀਪੁਰਾ ਨੇੜੇ ਚਿੱਟੇ ਰੰਗ ਦੀ ਸੈਂਟਰੋ ਕਾਰ ਮਿਲੀ, ਜਿਸ ਵਿੱਚ 20 ਕਿੱਲੋ IED (ਇੰਪਰੂਵਾਈਜ਼ਡ ਵਿਸਫੋਟਕ ਡਿਵਾਈਸ) ਬਰਾਮਦ ਹੋਈ।

ਕਾਰ ਦੇ ਡ੍ਰਮ ਵਿੱਚ ਵਿਸਫੋਟਕ ਰੱਖੇ ਗਏ ਸੀ। ਕਾਰ ਦੀ ਸੂਹ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਆਸਪਾਸ ਦਾ ਇਲਾਕਾ ਖਾਲੀ ਕਰਵਾ ਲਿਆ। ਇਸ ਤੋਂ ਬਾਅਦ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਕਾਰ ਨੂੰ ਉਡਾ ਦਿੱਤਾ।

ਸੂਤਰਾਂ ਨੇ ਦੱਸਿਆ ਕਿ ਪੁਲਵਾਮਾ ਪੁਲਿਸ ਨੂੰ ਬੁੱਧਵਾਰ ਦੇਰ ਰਾਤ ਸੂਚਨਾ ਮਿਲੀ ਸੀ ਕਿ ਕੁਝ ਅੱਤਵਾਦੀ ਵਿਸਫੋਟਕ ਨਾਲ ਭਰੀ ਕਾਰ ਤੋਂ ਜਾ ਰਹੇ ਸੀ। ਇਸ ਦੇ ਜ਼ਰੀਏ ਕੁਝ ਥਾਂਵਾਂ ‘ਤੇ ਧਮਾਕੇ ਕੀਤੇ ਜਾ ਸਕਦੇ ਹਨ। ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਰਸਤੇ ਸੀਲ ਕਰ ਦਿੱਤੇ।

ਇਸ ਸਮੇਂ ਦੌਰਾਨ ਇੱਕ ਸ਼ੱਕੀ ਕਾਰ ਵੇਖੀ ਗਈ। ਰੁਕਣ ‘ਤੇ ਗੋਲੀਆਂ ਚੱਲ ਗਈਆਂ। ਡਰਾਈਵਰ ਫਿਰ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਭੱਜ ਗਿਆ। ਸੁਰੱਖਿਆ ਬਲਾਂ ਨੇ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਹਿਜ਼ਬੁਲ ਮੁਜਾਹਿਦੀਨ ਦਾ ਅੱਤਵਾਦੀ ਇਹ ਕਾਰ ਚਲਾ ਰਿਹਾ ਸੀ।

ਸੁਰੱਖਿਆ ਬਲਾਂ ਨੇ ਕਾਰ ਦੇ ਕੋਲ ਜਾ ਕੇ ਵੇਖਿਆ ਤਾਂ ਪਿਛਲੀ ਸੀਟ ‘ਤੇ ਵਿਸਫੋਟਕ ਨਾਲ ਭਰੇ ਨੀਲੇ ਰੰਗ ਦੇ ਡ੍ਰੰਮ ਨੂੰ ਰੱਖਿਆ ਸੀ। ਸੁਰੱਖਿਆ ਬਲਾਂ ਨੇ ਰਾਤ ਭਰ ਕਾਰ ਦੀ ਨਿਗਰਾਨੀ ਕੀਤੀ। ਇਸ ਤੋਂ ਬਾਅਦ ਆਸ-ਪਾਸ ਦੇ ਘਰ ਖਾਲੀ ਕਰਵਾ ਲਏ ਗਏ। ਬਾਅਦ ਵਿੱਚ ਗੱਡੀ ਨੂੰ ਉਡਾ ਦਿੱਤਾ ਗਿਆ। ਸੂਤਰਾਂ ਮੁਤਾਬਕ, ਅੱਤਵਾਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੀ। ਕਾਰ ਕੋਲ ਇੱਕ ਸਕੂਟਰ ਨੰਬਰ ਪਲੇਟ ਸੀ, ਜਿਸ ਦੀ ਰਜਿਸਟਰੀ ਕਠੂਆ ਜ਼ਿਲ੍ਹੇ ਵਿੱਚ ਮਿਲੀ ਹੈ।