ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਤੋਂ ਹਿਜ਼ਬੁੱਲ ਦਾ ਅੱਤਵਾਦੀ ਗਿ੍ਰਫ਼ਤਾਰ

ਕੈਪਸ਼ਨ- ਗਿ੍ਰਫ਼ਤਾਰ ਕੀਤਾ ਅੱਤਵਾਦੀ।
ਸ਼੍ਰੀਨਗਰ,  (ਪੰਜਾਬੀ ਸਪੈਕਟ੍ਰਮ ਸਰਵਿਸ) : ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਤੋਂ ਸੁਰੱਖਿਆ ਬਲਾਂ ਨੇ ਹਿਜ਼ਬੁੱਲ ਮੁਜ਼ਾਹਦੀਨ ਦੇ ਇਕ ਸਥਾਨਕ ਅੱਤਵਾਦੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਅੱਤਵਾਦੀ ਦੀ ਪਛਾਣ ਇਮਰਾਨ ਨਬੀ ਡਾਰ ਦੇ ਤੌਰ ’ਤੇ ਹੋਈ ਹੈ ਅਤੇ ਉਹ ਕੁਲਗਾਮ ਦੇ ਲਾਲਵਾਨੀ ਇਲਾਕੇ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਨੇ ਉਨ੍ਹਾਂ ਨੂੰ ਅੱਤਵਾਦੀ ਦੇ ਜੰਗਲਾਤ ਮੰਡੀ ਹਸਪਤਾਲ ’ਚ ਮੌਜੂਦ ਹੋਣ ਦੀ ਗੱਲ ਕਹੀ। ਸੂਚਨਾ ਦੇ ਆਧਾਰ ’ਤੇ ਸੈਨਾ ਦੀ ਆਰਆਰ, ਸੀਆਰਪੀਐੱਫ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਐੱਸਓਜੀ ਦੀ ਸੰਯੁਕਤ ਟੀਮ ਨੇ ਤੁਰੰਤ ਅਨੰਤਨਾਗ ਦੇ ਜੰਗਲਾਤ ਮੰਡੀ ਸਥਿਤ ਹਸਪਤਾਲ ਨੂੰ ਘੇਰ ਲਿਆ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖ ਕੇ ਅੱਤਵਾਦੀ ਇਮਰਾਨ ਨੂੰ ਗਿ੍ਰਫ਼ਤਾਰ ਕਰ ਲਿਆ। ਉਸ ਕੋਲੋਂ ਇਕ ਪਿਸਤੌਲ ਤੇ ਕੁਝ ਹੋਰ ਗ਼ੈਰ-ਜ਼ਰੂਰੀ ਸਮੱਗਰੀ ਵੀ ਬਰਾਮਦ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਲਾਲਵਾਨੀ ਕੁਲਗਾਮ ਦਾ ਰਹਿਣ ਵਾਲਾ ਇਮਰਾਨ ਪੁੱਤਰ ਗੁਲਾਮ ਨਬੀ 10 ਜੂਨ ਤੋਂ ਲਾਪਤਾ ਸੀ। ਪੁਲਿਸ ਉਸਦੀ ਤਲਾਸ਼ ਕਰ ਰਹੀ ਸੀ। ਕੁਝ ਦਿਨ ਪਹਿਲਾਂ ਇਹ ਪਤਾ ਲੱਗਾ ਕਿ ਉਹ ਹਿਜ਼ਬੁੱਲ ਮੁਜਾਹਦੀਨ ਅੱਤਵਾਦੀ ਸੰਗਠਨ ’ਚ ਸ਼ਾਮਿਲ ਹੋ ਗਿਆ ਹੈ। ਪੁਲਿਸ ਨੇ ਉਸਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਗੁਲਾਮ ਤੋਂ ਹਿਜ਼ਬੁੱਲ ਨਾਲ ਸਬੰਧਿਤ ਕਈ ਮਹੱਤਵਪੂਰਨ ਜਾਣਕਾਰੀ ਮਿਲ ਸਕਦੀ ਹੈ।