ਨੇਪਾਲੀ ਪੁਲਿਸ ਵੱਲੋਂ ਅੰਨ੍ਹੇਵਾਹ ਫਾਇਰਿੰਗ, ਭਾਰਤੀ ਦੀ ਮੌਤ

ਸੀਤਾਮੜੀ, ਬਿਹਾਰ  (ਪੰਜਾਬੀ ਸਪੈਕਟ੍ਰਮ ਸਰਵਿਸ): ਭਾਰਤ-ਨੇਪਾਲ ਦਰਮਿਆਨ ਚੱਲ ਰਹੇ ਤਣਾਅ ਵਿਚਕਾਰ ਬੀਤੇ ਦਿਨੀਂ ਸਵੇਰੇ ਬਿਹਾਰ ਦੀ ਸਰਹੱਦ ‘ਤੇ ਨੇਪਾਲ ਪੁਲਿਸ ਵੱਲੋਂ ਭਾਰਤੀ ਕਿਸਾਨਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਗਈ। ਜਿਸ ਵਿੱਚ ਇੱਕ ਭਾਰਤੀ ਦੀ ਮੌਤ ਹੋ ਗਈ ਹੈ, ਜਦਕਿ ਕੁਝ ਲੋਕ ਜਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਭਾਰਤ-ਨੇਪਾਲ ਸਰਹੱਦ ‘ਤੇ ਤਣਾਅ ਵਧਿਆ ਹੈ। ਦੋਵਾਂ ਪਾਸਿਆਂ ਤੋਂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਫਿਲਹਾਲ ਗੋਲੀਬਾਰੀ ਦਾ ਕਾਰਨ ਸਪੱਸਟ ਨਹੀਂ ਹੋ ਸਕਿਆ। ਦੱਸ ਦੇਈਏ ਕਿ ਭਾਰਤ-ਨੇਪਾਲ ਸਰਹੱਦ ਨੂੰ ਫਿਲਹਾਲ ਸੀਲ ਕੀਤਾ ਹੋਇਆ ਹੈ।
ਦੋਵਾਂ ਦੇਸਾਂ ਦਰਮਿਆਨ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਹੈ। ਇਸ ਦੌਰਾਨ ਬਿਹਾਰ ਦੇ ਸੀਤਾਮਾੜੀ ਜਿਲ੍ਹੇ ਦਾ ਵਸਨੀਕ ਲਾਗਨ ਰਾਏ ਆਪਣੇ ਲੜਕੇ ਨਾਲ ਰਿਸਤੇਦਾਰ ਨੂੰ ਮਿਲਣ ਸਰਹੱਦ ‘ਤੇ ਗਿਆ ਸੀ। ਨੇਪਾਲ ਪੁਲਿਸ ਉਨ੍ਹਾਂ ਨੂੰ ਸਰਹੱਦ ਤੋਂ ਭਜਾਉਣ ਦੀ ਕੋਸਿਸ ਕਰ ਰਹੀ ਸੀ। ਜਦੋਂ ਪਿਓ-ਬੇਟੇ ਨੇ ਥੋੜ੍ਹੀ ਦੇਰੀ ਦੀ ਮਹੌਲਤ ਮੰਗੀ ਤਾਂ ਏਪੀਐਫ (ਨੇਪਾਲ ਆਰਮਡ ਗਾਰਡੀਅਨ ਫੋਰਸ) ਨੇ ਉਸ ਦੇ ਲੜਕੇ ‘ਤੇ ਲਾਠੀ ਚਲਾ ਦਿੱਤੀ। ਇਸ ਤੋਂ ਬਾਅਦ ਲਗਾਨ ਰਾਏ ਤੇ ਉਸਦੇ ਪੁੱਤਰ ਨੂੰ ਬਾਰਡਰ ਤੋਂ ਸੌ ਮੀਟਰ ਦੀ ਦੂਰੀ ‘ਤੱਕ ਘਸੀਟ ਕੇ ਲੈ ਗਈ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਬੰਧਕ ਬਣਾ ਲਿਆ ਗਿਆ। ਇਸ ਨੂੰ ਵੇਖਦੇ ਹੋਏ ਸਰਹੱਦ ‘ਤੇ ਕਿ੍ਰਕੇਟ ਖੇਡ ਰਹੇ ਕੁਝ ਨੌਜਵਾਨਾਂ ਤੇ ਖੇਤਾਂ ਵਿੱਚ ਕੰਮ ਕਰ ਰਹੇ ਲੋਕਾਂ ਨੇ ਨੇਪਾਲ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਦੀ ਕੋਸਿਸ ਕੀਤੀ। ਇਸ ਸਮੇਂ ਪੁਲਿਸ ਨੇ ਫਾਇਰਿੰਗ ਸੁਰੂ ਕਰ ਦਿੱਤੀ।
ਹਾਲਾਂਕਿ, ਨੇਪਾਲ ਪੁਲਿਸ ਤੋਂ ਇਹ ਵੀ ਸੁਣਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਗੋਲੀਬਾਰੀ ਕੀਤੀ। ਉਨ੍ਹਾਂ ਨੇ ਦੋਸ ਲਾਇਆ ਕਿ ਭਾਰਤੀ ਉਨ੍ਹਾਂ ਦੀ ਬੰਦੂਕ ਖੋਹਣਾ ਚਾਹੁੰਦੇ ਸਨ। ਨੇਪਾਲ ਪੁਲਿਸ ਉਨ੍ਹਾਂ ਨੂੰ ਤਸਕਰ ਵੀ ਦੱਸ ਰਹੀ ਹੈ। ਹਾਲਾਂਕਿ, ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਨੇਪਾਲ ਪੁਲਿਸ ਲਗਾਨ ਰਾਏ ਦੇ ਬੇਟੇ ਨੂੰ ਕੁੱਟਦੀ ਦਿਖਾਈ ਦੇ ਰਹੀ ਹੈ।