ਮਿਜੋਰਮ ਵਿੱਚ ਭੂਚਾਲ ਦੇ ਝਟਕੇ; ਮਕਾਨ ਤੇ ਸੜਕਾਂ ਟੁੱਟੀਆਂ

ਆਈਜੋਲ, (ਪੰਜਾਬੀ ਸਪੈਕਟ੍ਰਮ ਸਰਵਿਸ) ਮਿਜੋਰਮ ਵਿੱਚ ਸੋਮਵਾਰ ਸਵੇਰੇ ਭੂਚਾਲ ਦੇ ਤੇਜ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ’ਤੇ ਭੂਚਾਲ ਦੀ ਗਤੀ 5.3 ਸੀ। ਭੂਚਾਲ ਕਾਰਨ ਕਈ ਮਕਾਨਾਂ ਨੂੰ ਨੁਕਸਾਨ ਪੁੱਜਿਆ ਅਤੇ ਕਈ ਥਾਈਂ ਸੜਕਾਂ ਟੁੱਟ ਗਈਆਂ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੂਬਾਈ ਭੂ ਵਿਗਿਆਨ ਅਤੇ ਖਣਿਜ ਵਸੀਲੇ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਕਾਰਨ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਅਨੁਸਾਰ ਸਵੇਰੇ 4.10 ’ਤੇ ਆਏ ਭੂਚਾਲ ਦਾ ਕੇਂਦਰ ਭਾਰਤ -ਮਿਆਂਮਾਰ ਸਰਹੱਦ ’ਤੇ ਚੰਫਾਈ ਜਿਲ੍ਹੇ ਦੇ ਜੋਖਾਵਥਾਰ ਵਿੱਚ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਜੋਰਾਮਥਾਂਗਾ ਨੂੰ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਮਿਜੋਰਮ ਵਿੱਚ ਭੂਚਾਲ ਆਉਣ ਦੇ ਮੱਦੇਨਜਰ ਉਥੋਂ ਦੇ ਮੁੱਖ ਮੰਤਰੀ ਸ੍ਰੀ ਜੋਰਾਮਥਾਂਗਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ’’ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮੁੱਖ ਮੰਤਰੀ ਨਾਲ ਗੱਲ ਕੀਤੀ ਤੇ ਸਥਿਤੀ ਦੀ ਜਾਣਕਾਰੀ ਲਈ।