ਅਕਾਲੀ ਦਲ ਨੇ ਮੁੜ ਕੱਢਿਆ ਕੈਪਟਨ ਸਰਕਾਰ ਖਿਲਾਫ ਰੋਸ ਮਾਰਚ, ਰਾਜ ਭਵਨ ਘੇਰਨ ਜਾ ਰਹੇ ਆਗੂ ਪੁਲਿਸ ਨੇ ਲਏ ਹਿਰਾਸਤ ‘ਚ

ਚੰਡੀਗੜ੍ਹ , (ਪੰਜਾਬੀ ਸਪੈਕਟ੍ਰਮ ਸਰਵਿਸ): ਪੰਜਾਬ ‘ਚ ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅਕਾਲੀ ਆਗੂਆਂ ਨੇ ਕੈਪਟਨ ਸਰਕਾਰ ਦੀ ਬਰਖਾਸਤਗੀ ਦੀ ਮੰਗ ਸਬੰਧੀ ਸੋਮਵਾਰ ਨੂੰ ਚੌਥੇ ਦਿਨ ਵੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ‘ਚ ਪੰਜਾਬ ਰਾਜ ਭਵਨ ਵੱਲ ਰੋਸ ਮਾਰਚ ਕੱਢਿਆ। ਅਕਾਲੀ ਆਗੂ ਕੈਪਟਨ ਸਰਕਾਰ ਦੀ ਬਰਖਾਸਤਗੀ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਰਾਜ ਭਵਨ ਵੱਲ ਵਧ ਰਹੇ ਅਕਾਲੀ ਆਗੂਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ।ਇਸ ਤੋਂ ਪਹਿਲਾਂ ਐਤਵਾਰ ਨੂੰ ਅਕਾਲੀ ਆਗੂਆਂ ਨੇ ਹੀਰ ਸਿੰਘ ਗਾਬੜੀਆ ਦੀ ਅਗਵਾਈ ‘ਚ ਰੋਸ ਮਾਰਚ ਕੱਢਿਆ ਸੀ। ਸੋਮਵਾਰ ਨੂੰ ਵੀ ਅਕਾਲੀ ਆਗੂਆਂ ਨੇ ਕੈਪਟਨ ਸਰਕਾਰ ਨੂੰ ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਲਈ ਜਿੰਮੇਵਾਰ ਠਹਿਰਾਉਂਦੇ ਹੋਏ ਉਸ ਨੂੰ ਬਰਖਾਸਤ ਕਰਨ ਦੀ ਮੰਗ ਸਬੰਧੀ ਰਾਜ ਭਵਨ ਤਕ ਰੋਸ ਮਾਰਚ ਕੀਤਾ।
ਚੰਡੀਗੜ੍ਹ ਪੁਲਿਸ ਨੇ ਅਕਾਲੀ ਆਗੂਆਂ ਨੂੰ ਰਾਜ ਭਵਨ ਪਹੁੰਚਣ ਤੋਂ ਪਹਿਲਾਂ ਹੀ ਹਿਰਾਸਤ ‘ਚ ਲੈ ਲਿਆ। ਸੋਮਵਾਰ ਨੂੰ ਮਾਰਚ ਦੀ ਅਗਵਾਈ ਕਰਦਿਆਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਦੋਸ਼ ਲਾਇਆ ਕਿ ਪੰਜਾਬ ‘ਚ ਸ਼ਰਾਬ ਤੇ ਰੇਤ ਮਾਫੀਆ ਦਾ ਬੋਲਬਾਲਾ ਹੈ। ਸੂਬਾ ਸਰਕਾਰ ਹਰੇਕ ਮੋਰਚੇ ‘ਤੇ ਅਸਫਲ ਸਾਬਿਤ ਹੋ ਰਹੀ ਹੈ।