ਆਮ ਆਦਮੀ ਪਾਰਟੀ ਨੇ ਲੋਕ ਹਿੱਤ ਮੰਗਾਂ ਨੂੰ ਲੈ ਕੇ ਘੇਰਿਆ ਡੀ.ਸੀ ਦਫ਼ਤਰ, ਕੀਤੀ ਨਾਅਰੇਬਾਜੀ – ਨਾਇਬ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ 

ਕੈਪਸ਼ਨ : ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ ਦਫ਼ਤਰ ਮੂਹਰੇ ਪ੍ਰਦਰਸ਼ਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਦੇ ਵਰਕਰ।
ਸ੍ਰੀ ਮੁਕਤਸਰ ਸਾਹਿਬ, (ਤੇਜਿੰਦਰ ਧੂੜੀਆ) ਚੱਲ ਰਹੇ ਕੋਰੋਨਾ ਮਹਾਂਮਾਰੀ ਦੌਰਾਨ ਬਿਜਲੀ ਬਿਲਾਂ ਦੇ ਨਾਂ ’ਤੇ ਪੰਜਾਬ ਦੇ ਨਾਗਰਿਕਾਂ, ਵਪਾਰੀਆਂ, ਕਾਰੋਬਾਰੀਆਂ ਅਤੇ ਇੰਡਸਟਰੀ ਦੀ ਹੋ ਰਹੀ ਲੁੱਟ ਨੂੰ ਰੋਕਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ ਦੀ ਅਗਵਾਈ ਹੇਠ ਸਥਾਨਕ ਡੀ.ਸੀ ਦਫ਼ਤਰ ਮੂਹਰੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜੰਮਕੇ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਗਈ। ਇਸ ਦੌਰਾਨ ਨਾਇਬ ਤਹਿਸੀਲਦਾਰ ਨੂੰ ਸੂਬਾ ਸਰਕਾਰ ਦੇ ਨਾਮ ਮੰਗ ਪੱਤਰ ਵੀ ਸੌਂਪਿਆ ਗਿਆ।
ਇਸ ਮੌਕੇ ਬੋਲਦਿਆਂ ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ, ਯੂਥ ਜਿਲ੍ਹਾ ਪ੍ਰਧਾਨ ਅਰਸ਼ ਬਰਾੜ ਜੱਸੇਆਣਾ, ਜਿਲ੍ਹਾ ਪ੍ਰਧਾਨ ਐਸ.ਸੀ ਵਿੰਗ ਸਤਪਾਲ ਸਿੰਘ, ਹਲਕਾ ਪ੍ਰਧਾਨ ਜਗਦੀਪ ਸਿੰਘ ‘ਕਾਕਾ ਬਰਾੜ’, ਹਲਕਾ ਪ੍ਰਧਾਨ ਜਸ਼ਨ ਬਰਾੜ, ਇਕਬਾਲ ਸਿੰਘ ਖਿੜਕੀਆਂਵਾਲਾ, ਕਾਰਜ਼ ਸਿੰਘ ਮਿੱਢਾ ਨੇ ਆਖਿਆ ਕਿ ਬਿਜਲੀ ਮਹਿਕਮੇ ਵੱਲੋਂ ਬਿਜਲੀ ਬਿਲਾਂ ਦੇ ਨਾਂ ’ਤੇ ਨਾਗਰਿਕਾਂ, ਵਪਾਰੀਆਂ, ਕਾਰੋਬਾਰੀਆਂ ਅਤੇ ਇੰਡਸਟਰੀਆਂ ਦੀ ਕਥਿਤ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਗਰਿਕਾਂ ਨੂੰ ਕੋਈ ਸਿੱਧੀ ਵਿੱਤੀ ਸਹਾਇਤਾ ਭੇਜਣ ਦੀ ਬਜਾਏ ਭਾਰੀ ਬਿਜਲੀ ਦੇ ਬਿੱਲ ਭੇਜ ਰਹੀ ਹੈ। ਰਾਜ ਦੇ ਪ੍ਰਾਈਵੇਟ ਸੈਕਟਰਾਂ ’ਚ ਕੰਮ ਕਰ ਰਹੇ ਆਮ ਨਾਗਰਿਕਾਂ ਜਾਂ ਛੋਟੇ ਕਾਰੋਬਾਰੀਆਂ ਨੂੰ ਤਨਖਾਹਾਂ ’ਚ ਕਟੌਤੀ ਅਤੇ ਕਾਰੋਬਾਰ ’ਚ ਮੰਦੀ ਦੇ ਕਾਰਨ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਘਰੇਲੂ ਖਪਤਕਾਰਾਂ, ਵਪਾਰੀਆਂ, ਕਾਰੋਬਾਰੀਆਂ ਅਤੇ ਇੰਡਸਟਰੀ ਦੇ ਪਿਛਲੇ  ਮਹੀਨਿਆਂ ਦੇ ਬਿਜਲੀ ਬਿੱਲ ਮਾਫ ਕੀਤੇ ਜਾਣ, ਪ੍ਰਾਪਰਟੀ ਟੈਕਸ, ਸੀਵਰੇਜ ਬਿੱਲ, ਬੈਂਕਾਂ ਦੇ ਵੱਖ-ਵੱਖ ਲੋਨ ਦੀਆਂ ਕਿਸਤਾਂ ਸਮੇਤ ਹੋਰ ਟੈਕਸਾਂ ਤੋਂ ਜਨਤਾ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਸੂਬਾ ਸਰਕਾਰ ਨੇ ਬਿਜਲੀ ਬਿਲਾਂ ਦੇ ਨਾਲ ਨਾਲ ਹੋਰਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਮ ਆਦਮੀ ਪਾਰਟੀ ਸਰਕਾਰ ਦੇ ਨਾਦਰਸ਼ਾਹੀ ਰਵੱਈਏ ਖਿਲਾਫ ਸੂਬਾ ਪੱਧਰੀ ਸੰਘਰਸ ਵਿੱਢਣ ਨੂੰ ਮਜ਼ਬੂਰ ਹੋਵੇਗੀ। ਇਸ ਮੌਕੇ ਜਿਲ੍ਹਾ ਵਾਈਸ ਪ੍ਰਧਾਨ ਸੁਮਨ ਕੁਮਾਰ ਤੋਤੀ, ਆਬਜ਼ਰਬਰ ਦਿਲਬਾਗ ਸਿੰਘ ਬਰਾੜ, ਜਗਦੀਪ ਸੰਧੂ, ਸਿਮਰਜੀਤ ਸਿੰਘ ਬਰਾੜ, ਪਰਮਜੀਤ ਗਿੱਲ, ਤਜਿੰਦਰ ਸਿੰਘ, ਰਮੇਸ਼ ਅਰਨੀਵਾਲਾ, ਮਨਵੀਰ ਖੁੱਡੀਆ, ਜਗਮੇਲ ਸਿੰਘ ਸ਼ੇਰਗਿੱਲ, ਿਸ਼ਨ ਲਾਲ, ਇੰਦਰਜੀਤ ਸੰਧੂ, ਗੁਰਮੀਤ ਰਾੜੀਆ, ਗਗਨਦੀਪ ਸਿੰਘ ਹਲਕਾ ਪ੍ਰਧਾਨ ਸੀਵਾਈਐਸਐਸ, ਜਸਵਿੰਦਰ ਸਿੰਘ ਰਾਜੂ, ਸ਼ੇਰਜੰਗ ਸਿੰਘ, ਗੁਰਜਿੰਦਰ ਸਮਰਾ, ਅਮਰਧੀਰ ਸਿੰਘ ਮਾਨ, ਸ਼ਕਤੀ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ।