ਆਰਥਿਕ ਤੰਗੀ ਕਾਰਨ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ

ਮਿ੍ਰਤਕ ਪਤੀ ਪਤਨੀ
ਬੱਸੀ ਪਠਾਣਾ, (ਪੰਜਾਬੀ ਸਪੈਕਟ੍ਰਮ ਸਰਵਿਸ) : ਬੱਸੀ ਪਠਾਣਾ ਨੇੜੇ ਪਿੰਡ ਵਜ਼ੀਦਪੁਰ ‘ਚ ਇਕ ਪਤੀ-ਪਤਨੀ ਵੱਲੋਂ ਆਰਥਿਕ ਤੰਗੀ ਕਾਰਨ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ। ਐੱਸਐੱਚਓ ਮਨਪ੍ਰੀਤ ਸਿੰਘ ਦਿਓਲ ਨੇ ਦੱਸਿਆ ਕਿ ਮਿ੍ਤਕ ਦੇ ਭਰਾ ਪਰਵਿੰਦਰ ਸਿੰਘ ਵਾਸੀ ਵਜ਼ੀਦਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸ ਦਾ ਭਰਾ ਗੁਰਵਿੰਦਰ ਸਿੰਘ ਗਿੰਦਾ (27) ਤੇ ਭਰਜਾਈ ਪ੍ਰਭਜੋਤ ਕੌਰ (23) ਆਪਣੀ 2 ਸਾਲਾ ਪੁੱਤਰੀ ਜਪਗੁਣ ਕੌਰ ਨਾਲ ਪਰਿਵਾਰ ਸਮੇਤ ਖੇਤੀ ਬਾੜੀ ਦਾ ਧੰਦਾ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਮਿ੍ਤਕ ਗਿੰਦਾ ਜੋ ਕੁਝ ਸਮੇਂ ਤੋਂ ਨਸ਼ੇ ਕਰਦਾ ਸੀ, ਨੇ ਆਪਣੀ ਹਿੱਸੇ ਦੀ ਜ਼ਮੀਨ ਵੀ ਵੇਚ ਦਿੱਤੀ ਸੀ, ਜਿਸ ਕਾਰਨ ਉਹ ਆਰਥਿਕ ਤੰਗੀ ਦਾ ਸ਼ਿਕਾਰ ਸਨ। ਬੀਤੀ ਰਾਤ 11 ਵਜੇ ਦੋਵੇਂ ਪਤੀ-ਪਤਨੀ ਰੋਟੀ ਖਾਣ ਉਪਰੰਤ ਆਪਣੇ ਕਮਰੇ ‘ਚ ਚਲੇ ਗਏ ਜਦਕਿ 2 ਸਾਲਾ ਪੁੱਤਰੀ ਜਪਗੁਣ ਕੌਰ ਆਪਣੀ ਦਾਦੀ ਨਾਲ ਦੂਜੇ ਕਮਰੇ ‘ਚ ਸੌ ਗਈ। ਸਵੇਰੇ 6 ਵਜੇ ਭੁੱਖ ਲੱਗਣ ‘ਤੇ ਜਦੋਂ ਬੱਚੀ ਜਪਗੁਣ ਰੋਣ ਲੱਗੀ ਤੇ ਦੁੱਧ ਦੀ ਮੰਗ ਕੀਤੀ ਤਾਂ ਉਸ ਦੀ ਦਾਦੀ ਨੇ ਜਦੋਂ ਉਸ ਦੀ ਮਾਂ ਨੇ ਪ੍ਰਭਜੋਤ ਨੂੰ ਆਵਾਜ਼ ਮਾਰੀ ਤੇ ਕੁੰਡਾ ਵੀ ਖੜਕਾਇਆ। ਪਰ ਅੰਦਰੋਂ ਕੋਈ ਜਵਾਬ ਨਾ ਮਿਲਣ ‘ਤੇ ਪਰਿਵਾਰਕ ਮੈਂਬਰਾਂ ਨੇ ਕਮਰੇ ਦੀ ਪਿਛਲੀ ਖਿੜਕੀ ‘ਚੋਂ ਦੇਖਿਆ ਤਾਂ ਅੰਦਰ ਗਿੰਦੇ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪਰਿਵਾਰ ਵਾਲਿਆਂ ਨੇ ਪਿੰਡ ਦੇ ਸਰਪੰਚ ਤੇ ਹੋਰਾਂ ਨੂੰ ਇਕੱਠਾ ਕਰਕੇ ਜਦੋਂ ਦਰਵਾਜ਼ਾ ਤੋੜਿਆ ਤਾਂ ਜਿੱਥੇ ਗਿੰਦਾ ਪੱਖੇ ਨਾਲ ਲਟਕ ਰਿਹਾ ਸੀ ਉਥੇ ਹੀ ਪ੍ਰਭਜੋਤ ਬੈੱਡ ‘ਤੇ ਮਿ੍ਤਕ ਹਾਲਤ ‘ਚ ਪਈ ਸੀ। ਮਿ੍ਤਕ ਪਤੀ ਪਤਨੀ ਦੀਆਂ ਲਾਸ਼ਾਂ ਦੇਖਣ ਉਪਰੰਤ ਪਰਿਵਾਰ ਤੇ ਪਿੰਡ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਜਿੱਥੇ ਪੁਲਿਸ ਅਧਿਕਾਰੀਆਂ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਲਿਆਂ ਦੀ ਮਦਦ ਨਾਲ ਦੋਨੋਂ ਪਤੀ ਪਤਨੀ ਦੀਆਂ ਲਾਸ਼ਾਂ ਨੂੰ ਬੱਸੀ ਪਠਾਣਾਂ ਸਿਵਲ ਹਸਪਤਾਲ ਪਹੁੰਚਾਇਆ। ਐੱਸਐੱਚਓ ਮਨਪ੍ਰਰੀਤ ਸਿੰਘ ਦਿਓਲ ਨੇ ਦੱਸਿਆ ਕਿ ਪਹਿਲੀ ਜਾਂਚ ‘ਚ ਲੱਗਦਾ ਹੈ ਕਿ ਆਰਥਿਕ ਤੰਗੀ ਕਾਰਨ ਦੋਵੇਂ ਪਤੀ-ਪਤਨੀ ਨੇ ਆਤਮ ਹੱਤਿਆ ਕੀਤੀ ਹੈ। ਪੁਲਿਸ ਨੇ 174 ਅਧੀਨ ਮਾਮਲਾ ਦਰਜ ਕਰ ਕੇ ਮਿ੍ਤਕਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ।