ਇੰਟਰਵਿਊ ਸਮੇਂ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੇ ਉਮੀਦਵਾਰ, ਨਿਯਮਾਂ ਦੀਆਂ ਉੱਡੀਆਂ ਧੱਜੀਆਂ

ਸ੍ਰੀ ਮੁਕਤਸਰ ਸਾਹਿਬ,(ਪੰਜਾਬੀ ਸਪੈਕਟ੍ਰਮ ਸਰਵਿਸ)– ਕੋਵਿਡ-19 ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਵਿਡ ਕੇਅਰ ਸੈਂਟਰ ਵਿਖੇ ਆਰਜ਼ੀ ਤੌਰ ‘ਤੇ ਵਲੰਟੀਅਰਜ਼ ਸਟਾਫ਼ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਐਲੋਪੈਥਿਕ ਡਾਕਟਰ, ਡੈਂਟਲ ਡਾਕਟਰ, ਆਯੁਰਵੈਦਿਕ ਮੈਡੀਕਲ ਅਫ਼ਸਰ, ਪੈਰਾ ਮੈਡੀਕਲ ਸਟਾਫ਼ (ਨਰਸ, ਲੈਬ ਟੈਕਨੀਸ਼ੀਅਨ, ਫਾਰਮੇਸੀ ਅਫ਼ਸਰ), ਵਾਰਡ ਅਟੈਂਡੈਂਟ ਆਦਿ ਅਸਾਮੀਆਂ ਲਈ ਇੰਟਰਵਿਊ ਰੱਖੀ ਗਈ ਸੀ। ਇਸ ਇੰਟਰਵਿਊ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ ‘ਚ ਸੂਬੇ ਭਰ ‘ਚੋਂ ਉਮੀਦਵਾਰ ਪਹੁੰਚੇ। ਇਸ ਇੰਟਰਵਿਊ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਸਰਕਾਰ ਅਤੇ ਪ੍ਰਸ਼ਾਸਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਇਸ ਇੰਟਰਵਿਊ ਦੌਰਾਨ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਬਹੁਤੇ ਉਮੀਦਵਾਰਾਂ ਦੇ ਮਾਸਕ ਵੀ ਨਹੀਂ ਪਾਏ ਸਨ।