ਕੈਪਟਨ ਨੇ ਫਿਰ ਵਿਖਾਇਆ ਸਮਾਰਟਫੋਨ, ਟੀਵੀ ਤੇ ਇੰਟਰਨੈੱਟ ਦਾ ਸੁਫਨਾ

ਮ੍ਰਿਤਕਾ ਦੇ ਪਿਓ ਦੇ ਬਿਆਨ ਮੁਤਾਬਕ ਪੀੜਤ ਲੜਕੀ ਤਣਾਅ ਵਿੱਚ ਰਹਿੰਦੀ ਸੀ, ਇਸ ਲਈ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਨ੍ਹਾਂ ਕਿਹਾ, “ਉਹ ਸਾਡੇ ਕੋਲ ਸਮਾਰਟਫੋਨ ਦੀ ਮੰਗ ਕਰਦੀ ਰਹੀ ਪਰ ਮੈਂ ਖੇਤ ਮਜ਼ਦੂਰ ਹਾਂ ਤੇ ਬਰਦਾਸ਼ਤ ਨਹੀਂ ਕਰ ਸਕਿਆ।”

ਚੰਡੀਗੜ੍ਹ: ਪੰਜਾਬ ਸਰਕਾਰ ਨੇ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਉਨ੍ਹਾਂ ਵਿਦਿਆਰਥੀਆਂ ਦਾ ਡਾਟਾ ਇਕੱਤਰ ਕਰਨ ਦੇ ਹੁਕਮ ਦਿੱਤੇ ਹਨ ਜਿਨ੍ਹਾਂ ਕੋਲ ਟੈਲੀਵੀਜ਼ਨ, ਸਮਾਰਟਫੋਨ, ਰੇਡੀਓ, ਲੈਪਟਾਪ ਤੇ ਇੰਟਰਨੈਟ ਨਹੀਂ ਹਨ। ਸਰਕਾਰ ਨੇ ਇਹ ਕਦਮ 11ਵੀਂ ਜਮਾਤ ਦੀ ਇੱਕ ਲੜਕੀ ਵੱਲੋਂ ਸਮਾਰਟਫੋਨ ਤੇ ਇੰਟਰਨੈੱਟ ਨਾ ਹੋਣ ਕਰਕੇ ਪੜ੍ਹਾਈ ਦੇ ਨੁਕਸਾਨ ਤੋਂ ਦੁਖੀ ਹੋ ਖੁਦਕੁਸ਼ੀ ਕਰਨ ਮਗਰੋਂ ਚੁੱਕਿਆ ਹੈ। ਲੌਕਡਾਊਨ ਕਰਕੇ ਸੂਬਾ ਸਰਕਾਰ ਨੇ ਆਨਲਾਈਲ ਕਲਾਸਾਂ ਦੀ ਵਿਚਾਰ ਕੀਤਾ ਸੀ, ਪਰ ਵਧੇਰੇ ਅਜਿਹੇ ਗਰੀਬ ਪਰਿਵਾਰਾਂ ਦੇ ਬੱਚੇ ਹਨ, ਜਿਨ੍ਹਾਂ ਕੋਲ ਇਹ ਸਹੂਲਤਾਂ ਨਹੀਂ ਹਨ।

ਜ਼ਿਲ੍ਹਾ ਅਧਿਕਾਰੀਆਂ ਨੇ ਮੰਨਿਆ ਕਿ ਰਾਜ ਸਰਕਾਰ ਤੋਂ ਅਜਿਹੇ ਵਿਦਿਆਰਥੀਆਂ ਦਾ ਡੇਟਾ ਇਕੱਤਰ ਕਰਨ ਦੇ ਆਦੇਸ਼ ਮਿਲੇ ਹਨ ਜਿਨ੍ਹਾਂ ਕੋਲ ਆਨਲਾਈਨ ਕਲਾਸਾਂ ਲੈਣ ਲਈ ਮੋਬਾਈਲ ਫੋਨ ਤੇ ਹੋਰ ਯੰਤਰ ਨਹੀਂ ਹਨ। ਉਨ੍ਹਾਂ ਮੁਤਾਬਕ ਸਰਕਾਰੀ ਸਕੂਲਾਂ ਦੇ ਸਿਰਫ 50-60 ਫੀਸਦ ਵਿਦਿਆਰਥੀਆਂ ਕੋਲ ਹੀ ਸਮਾਰਟ ਫੋਨ ਹਨ। ਸਰਕਾਰ ਨੇ ਜ਼ਿਲ੍ਹਾ ਸਿੱਖਿਆ ਵਿਭਾਗਾਂ ਨੂੰ ਕਿਹਾ ਹੈ ਕਿ ਜਿਨ੍ਹਾਂ ਕੋਲ ਟੀਵੀ, ਮੋਬਾਈਲ ਫੋਨ, ਇੰਟਰਨੈਟ, ਰੇਡੀਓ, ਨਿੱਜੀ ਕੰਪਿਊਟਰ ਕੁਝ ਵੀ ਨਹੀਂ, ਉਨ੍ਹਾਂ ਵਿਦਿਆਰਥੀਆਂ ਦੀਆਂ ਸੂਚੀਆਂ ਤਿਆਰ ਕਰਨ।

ਦੱਸ ਦਈਏ ਕਿ ਫਰਵਰੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਚੀਨ ਵਿੱਚ ਕੋਰੋਨਵਾਇਰਸ ਫੈਲਣ ਕਾਰਨ ਉਹ ਨੌਜਵਾਨਾਂ ਨੂੰ ਸਮਾਰਟਫੋਨ ਵੰਡਣ ਦੇ ਆਪਣੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੇ। ਇਸ ਕਰਕੇ ਕੈਪਟਨ ਸਰਕਾਰ ਦੀ ਅਲੋਚਨਾ ਵੀ ਹੋ ਰਹੀ ਹੈ।