ਕੋਰੋਨਾ ਵਾਇਰਸ ਕਾਰਨ ਭੁੱਖਮਰੀ ਦੇ ਹਾਲਾਤਾਂ ‘ਚ ਮਾਂ ਨੇ ਭੁੱਖੇ ਬੱਚਿਆਂ ਲਈ ਪੱਥਰ ਉਬਾਲ ਦਿੱਤੇ

ਚੰਡੀਗੜ੍ਹ, 1 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) ਪੂਰਬੀ ਅਫਰੀਕਾ ਦੇ ਦੇਸ ਕੀਨੀਆ ਤੋਂ ਇੱਕ ਬਹੁਤ ਹੀ ਭਿਆਨਕ ਖਬਰ ਸਾਹਮਣੇ ਆ ਰਹੀ ਹੈ। ਇਹ ਖਬਰ ਹੀ ਇਸ ਤਰ੍ਹਾਂ ਦੀ ਹੈ ਕਿ ਪੱਥਰ ਦਿਲ ਇਨਸਾਨ ਨੂੰ ਤਾਂ ਛੱਡੋ ਖੁਦ ਪੱਥਰ ਵੀ ਰੋਣ ਲੱਗ ਪਵੇ। ਕੋਰੋਨਾ ਵਾਇਰਸ ਕਾਰਨ ਭੁੱਖਮਰੀ ਵਰਗੇ ਹਾਲਾਤ ਪੈਦਾ ਹੋ ਰਹੇ ਹਨ, ਇਸ ਭਿਆਨਕ ਹਲਾਤ ਦਾ ਕੀਨੀਆ ਦੀ ਇੱਕ ਵਿਧਵਾ ਔਰਤ ਹੀ ਸਿਕਾਰ ਹੋ ਗਈ, ਜਿਸ ਦਾ ਨਾਮ ਪੇਨਿਨਾਹ ਕਿਟਸਾਓ ਹੈ। ਕੀਨੀਆ ਦੇ ਇੱਕ ਅਖਬਾਰ ਮੁਤਾਬਿਕ ਇਸ ਵਿਧਵਾ ਔਰਤ ਨੇ ਭੁੱਖ ਨਾਲ ਰੋ ਰਹੇ ਬੱਚਿਆਂ ਨੂੰ ਤਸੱਲੀ ਦੇਣ ਲਈ ਪੱਥਰ ਉਬਾਲਨਾ ਸੁਰੂ ਕਰ ਦਿੱਤਾ ਤਾਂ ਕਿ ਬੱਚੇ ਰੋਟੀ ਦਾ ਇੰਤਜਾਰ ਕਰਦੇ ਕਰਦੇ ਸੌਂ ਜਾਣ। ਪੇਨਿਨਾਹ ਕਿਟਸਾਓ ਦਾ ਕਹਿਣਾ ਹੈ ਕਿ ਉਸ ਦੇ ਕੋਲ਼ ਕੁੱਝ ਵੀ ਨਹੀਂ ਸੀ ਪਕਾਉਣ ਲਈ ਇਸ ਲਈ ਉਸ ਨੇ ਪੱਥਰ ਨੂੰ ਉਬਾਲਨ ਦਾ ਫੈਸਲਾ ਕੀਤਾ ਤਾਂ ਕਿ ਉਸ ਦੇ ਬੱਚੇ ਇਸ ਭੁਲੇਖੇ ਵਿੱਚ ਇੰਤਜਾਰ ਕਰਦੇ ਕਰਦੇ ਭੁੱਖੇ ਢਿੱਡ ਸੌਂ ਜਾਣ ਕਿ ਉਨ੍ਹਾਂ ਦੀ ਮਾਂ ਖਾਣਾ ਬਣਾ ਰਹੀ ਹੈ। ਅਖਬਾਰ ਦੇ ਮੁਤਾਬਿਕ ਇਹ ਔਰਤ ਕਿਸਾਉਨੀ, ਮੁੰਬਾਸਾ ਦੀ ਰਹਿਣ ਵਾਲੀ ਹੈ ਅਤੇ ਇਸ ਦੇ ਅੱਠ ਬੱਚੇ ਹਨ। ਇਸ ਦੁਖਿਆਰੀ ਔਰਤ ਦੇ ਪਤੀ ਨੂੰ ਕੁਝ ਮਹੀਨੇ ਪਹਿਲਾਂ ਇੱਕ ਕਿ੍ਰਮੀਨਲ ਗੈਂਗ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਲੋਕਾਂ ਦੇ ਕੱਪੜੇ ਧੋ ਕੇ ਗੁਜਾਰਾ ਕਰਨ ਵਾਲੀ ਇਹ ਬੇ-ਵੱਸ ਔਰਤ, ਕੋਰੋਨਾ ਦੇ ਪੈਰਾਂ ਹੇਠ ਲਤਾੜੀ ਜਾ ਰਹੀ ਹੈ ਕਿਉਂਕਿ ਬਿਮਾਰੀ ਦੇ ਡਰ ਤੋਂ ਲੋਕ ਸਮਾਜਿਕ ਦੂਰੀ ਬਣਾ ਰਹੇ ਹਨ ਜਿਸ ਕਰਕੇ ਇਹ ਪੂਰੀ ਤਰ੍ਹਾਂ ਬੇਰੁਜਗਾਰ ਹੋ ਗਈ ਹੈ।ਸੁਕਰ ਦੀ ਗੱਲ ਇਹ ਹੈ ਇੱਕ ਗਵਾਂਢੀ ਔਰਤ ਵੱਲੋਂ, ਦਰਦ ਭਰੇ ਇਸ ਹਾਲਾਤ ਦੀ ਵੀਡੀਓ ਬਣਾ ਕੇ ਸੋਸਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ। ਜਿਸ ਤੋਂ ਬਾਅਦ ਦਾਨੀ ਸੱਜਣਾਂ ਦਾ ਧਿਆਨ ਖਿੱਚਿਆ ਗਿਆ ਤੇ ਮੀਡੀਆ ਨੇ ਵੀ ਚੰਗਾ ਰੋਲ ਅਦਾ ਕੀਤਾ। ਜਿਸ ਨਾਲ ਇਸ ਦੁਖਿਆਰੀ ਮਾਂ ਦੇ ਕੋਲ ਮਦਦ ਪਹੁੰਚਣੀ ਸੁਰੂ ਹੋ ਗਈ। ਮਾਂ ਦੀ ਮਮਤਾ ਦੀ ਸਾਇਦ ਇਹ ਨਵੀਂ ਤੇ ਪਵਿੱਤਰ ਮਿਸਾਲ ਹੈ ਕਿ ਮਾਂ ਆਪਣੇ ਬੱਚਿਆਂ ਦੀ ਪਰਵਰਿਸ ਲਈ ਆਖਰੀ ਹੀਲਾ ਤੇ ਆਖਰੀ ਸਾਹ ਵੀ ਦਾਅ ‘ਤੇ ਲਾ ਸਕਦੀ ਹੈ।