ਕੋਵਿਡ 19 ਦੇ ਪਸਾਰ ਨੂੰ ਰੋਕਣ ਲਈ ਹਰ ਇਕ ਦਾ ਸਹਿਯੋਗ ਜਰੂਰੀ: ਐਸ.ਐਸ.ਪੀ.

ਜਾਗਰੂਕਤਾ ਪੈਂਫਲੇਟ ਵੰਡਦੇ ਪੁਲਿਸ ਕਰਮੀ।
 ਬਠਿੰਡਾ,ਰਾਮਪੁਰਾ ਫੂਲ,  20 ਜੂਨ(ਗੁਰਪ੍ਰੀਤ ਖੋਖਰ) ਪੰਜਾਬ ਨੂੰ ਕੋਵਿਡ 19 ਬਿਮਾਰੀ ਤੋਂ ਬਚਾਉਣ ਲਈ ਸ਼ੁਰੂ ਕੀਤੇ ਮਿਸ਼ਨ ਫਤਿਹ ਤਹਿਤ ਸ਼ਨੀਵਾਰ ਨੂੰ ਜ਼ਿਲਾ ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ। ਇਸ ਦੌਰਾਨ ਜਿੱਥੇ ਪੁਲਿਸ ਨਾਕਿਆਂ ਤੇ ਲੋਕਾਂ ਨੂੰ ਜਾਗਰੂਕਤਾ ਪੈਂਫਲੇਂਟ ਵੰਡੇ ਗਏ ਉਥੇ ਪੁਲਿਸ ਜਵਾਨਾਂ ਨੇ ਲੋਕਾਂ ਨੂੰ ਘਰਾਂ ਵਿਚ ਜਾ ਕੇ ਇਸ ਬਿਮਾਰੀ ਦੇ ਬਚਾਓ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਜਾਣੂ ਕਰਵਾਇਆ।  ਇਹ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਐਸ.ਐਸ.ਪੀ. ਡਾ: ਨਾਨਕ ਸਿੰਘ ਨੇ ਦੱਸਿਆ ਕਿ ਕੋਵਿਡ 19 ਬਿਮਾਰੀ ਦੇ ਪਸਾਰ ਨੂੰ ਰੋਕਣ ਲਈ ਸਭ ਦਾ ਸਹਿਯੋਗ ਜਰੂਰੀ ਹੈ। ਉਨਾਂ ਨੇ ਕਿਹਾ ਕਿ ਇਹ ਮਿਸ਼ਨ ਲੋਕਾਂ ਦਾ ਮਿਸ਼ਨ ਹੈ ਜਿਸ ਨੂੰ ਲੋਕ ਦੇ ਸਹਿਯੋਗ ਨਾਲ ਹੀ ਸਫਲ ਬਣਾਇਆ ਜਾ ਸਕਦਾ ਹੈ। ਉਨਾਂ ਨੇ ਕਿਹਾ ਕਿ ਜਨ ਭਾਗੀਦਾਰੀ ਬਿਨਾਂ ਕੋਈ ਵੀ ਮੁਹਿੰਮ ਸਫਲ ਨਹੀਂ ਹੁੰਦੀ ਹੈ। ਉਨਾਂ ਨੇ ਅਪੀਲ ਕੀਤੀ ਕਿ ਲੋਕ ਜਰੂਰੀ ਸਾਵਧਾਨੀਆਂ ਦਾ ਪਾਲਣ ਕਰਨ। ਰਾਤ ਨੂੰ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਸਮੇਂ ਘਰੋਂ ਨਾ ਨਿਕਲਣ। ਸ਼ਨੀਵਾਰ ਅਤੇ ਐਤਵਾਰ ਨੂੰ ਇਕ ਜਿਲੇ ਤੋਂ ਦੂਜੇ ਜ਼ਿਲੇ ਵਿਚ ਜਾਣ ਲਈ ਕੋਵਾ ਐਪ ਤੋਂ ਈ ਪਾਸ ਬਣਵਾ ਕੇ ਹੀ ਜਾਣ। ਜਨਤਕ ਥਾਂਵਾਂ ਤੇ ਭੀੜ ਨਾ ਕਰਨ ਅਤੇ ਇਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣ। ਘਰੋਂ ਬਾਹਰ ਆਉਣ ਸਮੇਂ ਮਾਸਕ ਲਾਜਮੀ ਪਾਉਣ ਅਤੇ ਵਾਰ ਵਾਰ ਹੱਥ ਧੋਂਦੇ ਰਹਿਣ। ਵਾਹਨਾਂ ਵਿਚ ਸਫਰ ਕਰਦੇ ਸਮੇਂ ਮਾਸਕ ਪਾਉਣ ਅਤੇ ਨਿਰਧਾਰਤ ਗਿਣਤੀ ਤੋਂ ਵੱਧ ਲੋਕ ਵਾਹਨਾਂ ਵਿਚ ਸਵਾਰ ਨਾ ਹੋਣ।