ਗਿੱਦੜਬਾਹਾ ਦੇ ਕਈ ਪਿੰਡਾਂ ਦੇ ਨੌਜਵਾਨਾਂ ਨੇ ਕੀਤੀ ਸਿੱਧੀ ਖੂਨੀ ਲੜਾਈ; ਚੱਲੀਆਂ ਗੋਲੀਆਂ , ਸੱਤ ਜਖਮੀ

ਗਿੱਦੜਬਾਹਾ, (ਪੰਜਾਬੀ ਸਪੈਕਟ੍ਰਮ ਸਰਵਿਸ) ਨੌਜਵਾਨਾਂ ਦੇ ਦੋ ਧੜਿਆਂ ਵਿਚ ਹੋਈ ਖੂਨੀ ਝੜਪ ਵਿਚ 7 ਜਣੇ ਜਖ਼ਮੀ ਹੋ ਗਏ। ਦੋ ਗੰਭੀਰ ਜਖਮੀਆਂ ਵਿਚੋਂ ਇਕ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਅਤੇ ਦੂਜੇ ਨੂੰ ਬਠਿੰਡਾ ਰੈਫਰ ਕੀਤਾ ਗਿਆ ਹੈ। ਨੌਜਵਾਨਾਂ ਵਿਚ ਬੀਤੇ ਦਿਨ ਕਿਸੇ ਗੱਲ ਕਾਰਨ ਤਕਰਾਰ ਹੋਈ ਸੀ, ਜਿਸ ਮਗਰੋਂ ਦੋਵਾਂ ਧਿਰਾਂ ਦੇ ਨੌਜਵਾਨਾਂ ਨੇ ਸਮਾਂ ਤੇ ਸਥਾਨ ਤੈਅ ਕਰਕੇ ਵੀਰਵਾਰ ਨੂੰ ਪਿੰਡ ਹੁਸਨਰ ਤੋਂ ਪਿੰਡ ਗੁਰੂਸਰ ਨੂੰ ਜਾਂਦੀ ਸੜਕ ‘ਤੇ ਨਹਿਰਾਂ ਦੇ ਪੁਲ ਨੇੜੇ ਅਬਾਦੀ ਤੋਂ ਦੂਰ ਆਪਣੇ ਡੇਢ-ਦੋ ਸੌ ਹਮਾਇਤੀਆਂ ਨਾਲ ਸਿੱਧੀ ਲੜਾਈ ਕੀਤੀ। ਇਸ ਦੌਰਨ ਖੁੱਲ੍ਹ ਕੇ ਗੋਲੀਆਂ ਚਲਾਈਆਂ ਗਈਆਂ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਅ। ਨੌਜਵਾਨਾਂ ਵਿਚ ਪਿੰਡ ਗੁਰੂਸਰ, ਹੁਸਨਰ, ਮਧੀਰ ਤੋਂ ਇਲਾਵਾ ਹੋਰ ਪਿੰਡਾਂ ਦੇ ਨੌਜਵਾਨ ਸ਼ਾਮਲ ਹਨ। ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਧਰਿੰਦਰ ਗਰਗ ਨੇ ਦੱਸਿਆ ਕਿ 7 ਜਖਮੀਆਂ ਵਿਚੋਂ ਗੰਭੀਰ ਗੋਰਾ ਸਿੰਘ ਵਾਸੀ ਗੁਰੂਸਰ ਦੇ ਪੇਟ ਵਿਚ ਗੋਲੀ ਵੱਜੀ ਹੈ, ਨੂੰ ਮੁੱਢਲੀ ਸਹਾਇਤਾ ਉਪਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਗੁਰਸੇਵਕ ਸਿੰਘ ਵਾਸੀ ਹੁਸਨਰ ਤੇਜਧਾਰ ਹਥਿਆਰਾਂ ਨਾਲ ਗੰਭੀਰ ਜਖਮੀ ਸੀ ਨੂੰ ਵੀ ਮੁੱਢਲੀ ਸਹਾਇਤਾ ਉਪਰੰਤ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ। ਹੋਰ ਜਖ਼ਮੀਆਂ ਵਿੱਚ ਵਰਿੰਦਰ ਸਿੰਘ ਵਾਸੀ ਮਧੀਰ, ਬਲਜੀਤ ਸਿੰਘ ਵਾਸੀ ਔਲਖ, ਲਭਦੀਪ ਸਿੰਘ ਵਾਸੀ ਗਿੱਦੜਬਾਹਾ, ਮਨਪ੍ਰੀਤ ਸਿੰਘ ਵਾਸੀ ਲਾਲਬਾਈ, ਅਜੈਪਾਲ ਸਿੰਘ ਵਾਸੀ ਗੁਰੂਸਰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਜੇਰੇ ਇਲਾਜ ਹਨ। ਘਟਨਾ ਸਥਾਨ ‘ਤੇ ਪਹੁੰਚੇ ਥਾਣਾ ਗਿੱਦੜਬਾਹਾ ਦੇ ਮੁੱਖ ਅਫ਼ਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਲੜਾਈ ਦੇ ਕਾਰਨ ਦਾ ਪਤਾ ਨਹੀਂ ਲੱਗਿਆ ਤੇ ਜਖਮੀਆਂ ਤੇ ਅੱਖੀਂ ਦੇਖਣ ਵਾਲਿਆਂ ਦੇ ਬਿਆਨ ਦਰਜ ਕਰਕੇ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।