ਗੈਸ ਚੜਨ ਨਾਲ ਤਿੰਨ ਵਿਅਕਤੀਆਂ ਵਿਚੋਂ 2 ਦੀ ਮੌਤ

ਲੋਹੀਆਂ ਖਾਸ, (ਪੰਜਾਬੀ ਸਪੈਕਟ੍ਰਮ ਸਰਵਿਸ) – ਸਥਾਨਕ ਥਾਣੇ ਦੇ ਪਿੰਡ ਮੁੰਡੀ ਚੋਹਲੀਆਂ ਵਿਖੇ ਕਿਸਾਨ ਮੈਂਥਾ ਪਲਾਟ ਦੇ ਡਰਮਾਂ ਦੀ ਵੇਸਟ ਸਾਫ਼ ਕਰਨ ਲਈ ਡਰਮਾਂ ਵਿੱਚ ਵੜੇ 3 ਵਿਅਕਤੀਆਂ ਨੂੰ ਗੈਸ ਚੜਨ ਨਾਲ 2 ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਇੱਕ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਏ ਜਾਣ ਦੀ ਜਾਣਕਾਰੀ ਮਿਲੀ ਹੈ। ਸੁਖਦੇਵ ਸਿੰਘ ਐਸ ਐਚ ਓ ਥਾਣਾ ਲੋਹੀਆਂ ਵੱਲੋਂ ਦੱਸਿਆ ਗਿਆ ਕਿ ਫੁੱਮਣ ਸਿੰਘ (40) ਪੁੱਤਰ ਫੋਜਾ ਸਿੰਘ ਵਾਸੀ ਮੁੰਡੀ ਚੋਹਲੀਆਂ ਕਿਸਾਨ ਮੈਂਥਾ ਪਲਾਟ ਵਿਚਲੇ ਡਰਮਾਂ ਦੀ ਵੇਸਟ ਦੀ ਸਫ਼ਾਈ ਕਰਨ ਲਈ ਦਸ ਪੰਦਰਾਂ ਫੁੱਟ ਹੇਠਾਂ ਡਰਮਾਂ ਵਿੱਚ ਵੜ ਕੇ ਸਫ਼ਾਈ ਕਰਨ ਲੱਗਾ ਸੀ ਕਿ ਉਸ ਨੂੰ ਡਰਮਾਂ ਅੰਦਰੋ ਗੈਸ ਚੜਨ ਗਈ ਜਿਸ ਨੂੰ ਬਚਾਉਣ ਲਈ ਉਸ ਦੇ ਭਰਾ ਪਾਲਾ ਸਿੰਘ ਜਦੋ ਡਰਮ ਅੰਦਰ ਦਾਖਲ ਹੋਇਆ ਤਾਂ ਗੈਸ ਨੇ ਉਸ ਨੂੰ ਵੀ ਆਪਣੀ ਚਪੇਟ ਚ ਲੈ ਲਿਆ ਤੇ ਦੋਹਾਂ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਤੀਸਰੇ ਵਿਅਕਤੀ ਗੁਰਦੀਪ ਸਿੰਘ (32) ਪੁੱਤਰ ਇੰਦਰ ਸਿੰਘ ਵਾਸੀ ਮੁੰਡੀ ਚੋਹਲੀਆਂ ਤਹਿਸੀਲ ਸ਼ਾਹਕੋਟ ਨੂੰ ਵੀ ਦੋਹਾਂ ਵਿਅਕਤੀਆਂ ਨੂੰ ਬਚਾਉਂਦੇ ਗੈਸ ਚੜਨ ਪਰ ਉਸ ਨੂੰ ਤਰੁੰਤ ਹੀ ਇਲਾਜ ਲਈ ਸਥਾਨਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਉਸ ਦਾ ਇਲਾਜ ਜਾਰੀ ਸੀ। ਥਾਣਾ ਮੁਖੀ ਵੱਲੋਂ ਦੱਸਿਆ ਗਿਆ ਕਿ ਇਹ ਮੈਂਥਾ ਪਲਾਟ ਬਲਕਾਰ ਸਿੰਘ ਸਾਬਕਾ ਸਰਪੰਚ ਪਿੰਡ ਨਾਹਲ ਦਾ ਹੈ। ਮੌਤ ਦੀ ਖਬਰ ਸੁਣਦੇ ਸਾਰ ਹੀ ਜਿੱਥੇ ਪਿੰਡ ਵਿੱਚ ਮਾਤਮ ਛਾ ਗਿਆ ਉਥੇ ਪੁਲਸ ਪ੍ਰਸ਼ਾਸ਼ਨ ਵੀ ਕਾਰਵਾਈ ਲਈ ਪਹੁੰਚ ਚੁੱਕਾ ਸੀ।