ਜਹਿਰੀਲੀ ਸ਼ਰਾਬ ਮਾਮਲੇ ‘ਚ ਸੀ.ਐਮ ਦੀ ਕੋਠੀ ਘੇਰਨ ਜਾ ਰਹੇ ‘ਆਪ‘ ਆਗੂ ਭਗਵੰਤ ਮਾਨ ਤੇ ਚੀਮਾ ਸਣੇ ਕਈ ਐਮ.ਐਲ.ਏ ਹਿਰਾਸਤ ‘ਚ ਲੈਣ ਤੋਂ ਬਾਅਦ ਛੱਡੇ

ਚੰਡੀਗੜ੍ਹ/ਮੋਹਾਲੀ, 4 ਅਗਸਤ (ਪੰਜਾਬੀ ਸਪੈਕਟ੍ਰਮ ਸਰਵਿਸ) : ਮੁੱਲਾਂਪੁਰ-ਚੰਡੀਗੜ੍ਹ ਚੌਕ ‘ਤੇ ਆਮ ਆਦਮੀ ਪਾਰਟੀ ਵੱਲੋਂ ਜਹਿਰੀਲੀ ਸਰਾਬ ਦੇ ਮਾਮਲੇ ਨੂੰ ਲੈ ਕੇ ਕੈਪਟਨ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹੋਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੂੰ ਕਿ ਮੰਗਲਵਾਰ ਨੂੰ  ਮੋਹਾਲੀ ਪੁਲਿਸ ਦੇ ਡੀਐੱਸਪੀ ਅਮਰੋਜ ਸਿੰਘ ਦੀ ਅਗਵਾਈ ਵਾਲੀ ਟੁਕੜੀ ਨੇ ਗਿ੍ਰਫਤਾਰ ਕਰ ਲਿਆ। ਆਮ ਆਦਮੀ ਪਾਰਟੀ ਨੇ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਤੇ ਹੋਰਨਾਂ ਵਿਧਾਇਕਾਂ ਦੀ ਅਗਵਾਈ ‘ਚ ਅੱਜ ਕੈਪਟਨ ਦੀ ਕੋਠੀ ਨੂੰ ਘੇਰਨ ਦੀ ਪਲਾਨਿੰਗ ਬਣਾਈ ਸੀ ਜਿਸ ਨੂੰ ਮੋਹਾਲੀ ਪੁਲਿਸ ਨੇ ਨਾਕਾਮ ਕਰ ਦਿੱਤਾ। ਧਰਨਾਕਾਰੀਆਂ ਨੂੰ ਰੋਕਣ ਲਈ ਮੋਹਾਲੀ ਪੁਲਿਸ ਨੇ ਸਪੈਸ਼ਲ ਐਂਟੀ ਰਾਇਟਸ ਸੈੱਲ ਦੀ ਟੀਮ ਨੇ ਮੋਰਚਾ ਸੰਭਾਲਿਆ ਹੋਇਆ ਸੀ ਜਿਨ੍ਹਾਂ ਨੇ ਬੜੀ ਮੁਸਤੈਦੀ ਨਾਲ ਪਹਿਲਾਂ ਬੈਰੀਕੇਡ ਲਗਾ ਕੇ ਇਨ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀਆਂ ਦੇ ਪ੍ਰਦਰਸ਼ਨ ਅੱਗੇ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧ ਫਿੱਕੇ ਰਹੇ। ਇਸ ਦੌਰਾਨ ਵਿਧਾਇਕ ਮਾਸਟਰ ਬਲਦੇਵ ਸਿੰਘ ਤੇ ਹੋਰ ਬੈਰੀਕੇਡ ਵਾਲਾ ਪੁਲਿਸ ਦਾ ਘੇਰਾ ਤੋੜਨ ‘ਚ ਸਫਲ ਰਹੇ। ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਵਿਧਾਇਕਾਂ ਦੀ ਇਸ ਕਸ਼ਮਕਸ਼ ਦੌਰਾਨ ਧਰਨਾਕਾਰੀਆਂ ਨੂੰ ਮੋਹਾਲੀ ਦੇ ਫੇਜ਼ ਇਕ ਸਥਿਤ ਥਾਣੇ ‘ਚ ਲਿਜਾਂਦਾ ਗਿਆ ਜਿੱਥੇ ਇਨ੍ਹਾਂ ਤੋਂ ਭਰੋਸਾ ਲਿਆ ਗਿਆ ਕਿ ਧਰਨਾ ਜਾਰੀ ਨਹੀਂ ਰੱਖਣਗੇ। ਥਾਣੇ ਵਿਚ ਕਰੀਬ ਅੱਧਾ ਘੰਟਾ ਬਿਠਾਉਣ ਤੋਂ ਬਾਅਦ ਭਗਵੰਤ ਮਾਨ, ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ ਨੂੰ ਰਿਹਾਅ ਕਰ ਦਿੱਤਾ ਗਿਆ।ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਾਢੇ ਤਿੰਨ ਸਾਲ ਦੇ ਕਾਰਜਕਾਲ ‘ਚ ਘਪਲੇ-ਘੁਟਾਲੇ ਤੇ ਹਰ ਵੱਡੇ ਮਾਮਲੇ ‘ਚ ਪਰਦਾ ਪਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ। ਬੇਅਦਬੀ ਮਾਮਲਾ ਹੋਵੇ ਜਾਂ ਬਹਿਬਲ ਕਲਾਂ-ਕੋਟਕਪਰੂ ਗੋਲੀ ਕਾਂਡ, ਮੁੱਖ ਮੰਤਰੀ ਨੇ ਸਿਰਫ ਸਪੈਸ਼ਲ ਜਾਂਚ ਟੀਮ ਗਠਿਤ ਕਰ ਕੇ ਪੱਲਾ ਝਾੜ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਹੁਣ ਤਕ ਕਿਸ ਮਾਮਲੇ ਜਾਂ ਘੁਟਾਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀਆਂ ਦੀ ਸਜਾ ਯਕੀਨੀ ਬਣਾਈ ਗਈ ਹੈ। ਚੀਮਾ ਨੇ ਅਰਵਿੰਦ ਕੇਜਰੀਵਾਲ ਵੱਲੋਂ ਜਹਿਰੀਲੀ ਸ਼ਰਾਬ ਦੇ ਮਾਮਲੇ ‘ਚ ਸੀਬੀਆਈ ਜਾਂਚ ਦੀ ਮੰਗ ‘ਤੇ ਕੈਪਟਨ ਵੱਲੋਂ ਕੀਤੀ ਗਈ ਟਿੱਪਣੀ ‘ਤੇ ਇਤਰਾਜ ਵੀ ਪ੍ਰਗਟਾਇਆ।