ਢੀਂਡਸਾ ਦੀ ਵੱਡੀ ਬਗ਼ਾਵਤ : ਨਵੀਂ ਪਾਰਟੀ ਬਣਾਈ ਤੇ ਨਾਂ ਰਖਿਆ ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ/ਲੁਧਿਆਣਾ, (ਪੰਜਾਬੀ ਸਪੈਕਟ੍ਮ ਸਰਵਿਸ)– (ਸ਼੍ਰੋਮਣੀ ਅਕਾਲੀ ਦਲ ਤੋਂ) ਬਾਗ਼ੀ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਅਕਾਲੀ ਟਕਸਾਲੀ ਆਗੂਆਂ ਨੇ ਮਿਲ ਕੇ ਨਵੀਂ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਰਖ ਦਿਤਾ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਅਹੁਦੇ ਤੋਂ ਹਟਾਉਣ ਦਾ ਦਾਅਵਾ ਵੀ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜਲਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ‘ਚ ਸਾਰੇ ਅਕਾਲੀਆਂ ਨੂੰ ਇਕਠਾ ਕਰ ਕੇ ਪਾਰਟੀ ਦਾ ਨਵਾਂ ਏਜੰਡਾ ਤੈਅ ਕੀਤਾ ਜਾਵੇਗਾ। ਲੁਧਿਆਣਾ ‘ਚ ਹੋਈ ਬੈਠਕ ‘ਚ ਢੀਂਡਸਾ ਤੇ ਆਗੂਆਂ ਨੇ ਕਿਹਾ ਕਿ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੀ ਰਹੇਗਾ। ਇਹੀ ਅਸਲੀ ਸ਼੍ਰੋਮਣੀ ਅਕਾਲੀ ਦਲ ਹੈ। ਸੁਖਬੀਰ ਬਾਦਲ ਨੂੰ ਪ੍ਰਧਾਨਗੀ ਅਹੁਦੇ ਤੋਂ ਹਟਾਇਆ ਜਾਂਦਾ ਹੈ। ਇਸ ਦੇ ਨਾਲ ਹੀ ਆਗੂਆਂ ਨੇਸਪਸ਼ਟ ਕੀਤਾ ਕਿ ਜੇਕਰ ਬਾਅਦ ‘ਚ ਰਜਿਸਟ੍ਰੇਸ਼ਨ ਵੇਲੇ ਤਕਨੀਕੀ ਪਰੇਸ਼ਾਨੀ ਆਉਂਦੀ ਹੈ ਤਾਂ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਰਖ ਦਿਤਾ ਜਾਵੇਗਾ। ਪਾਰਟੀ ਦਾ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਨਵੀਂ ਪਾਰਟੀ ਦਾ ਨਾਂ ਰਖਣ ਦਾ ਫ਼ੈਸਲਾ ਫਿਲਹਾਲ ਟਲ ਸਕਦਾ ਹੈ ਕਿਉਂਕਿ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੀ ਸਿਹਤ ਠੀਕ ਨਾ ਹੋਣ ਕਾਰਨ ਗਠਜੋੜ ਦੀ ਗਲਬਾਤ ਸਿਰੇ ਨਹੀਂ ਚੜ੍ਹ ਸਕੀ। ਪਰ ਅਜ ਢੀਂਡਸਾ ਤੇ ਹੋਰ ਬਾਗ਼ੀ ਆਗੂਆਂ ਨੇ ਇਹ ਐਲਾਨ ਕਰ ਦਿਤਾ। ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਦੇ ਪੁਤਰ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਸੀ ਕਿ ਪਾਰਟੀ ਦੇ ਨਾਂ ਤੇ ਪ੍ਰਧਾਨ ਬਾਰੇ ਫ਼ੈਸਲਾ ਆਗੂਆਂ ਤੇ ਵਰਕਰਾਂ ਨੇ ਲੈਣਾ ਹੈ। ਇਕ ਸਵਾਲ ਦੇ ਜਵਾਬ ‘ਚ ਢੀਂਡਸਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਕਈ ਅਕਾਲੀ ਆਗੂ ਤੇ ਕਾਂਗਰਸੀ ਆਗੂ ਇਸ ਵਿਚ ਸ਼ਾਮਲ ਹੋਣਗੇ।