ਤਰਨਤਾਰਨ ‘ਚ 5 ਸ਼ੱਕੀ ਗਿ੍ਰਫਤਾਰ, ਡੇਢ ਕਿੱਲੋ ਹੈਰੋਇਨ ਤੇ ਚੱਪਲਾਂ ਮਿਲੀਆਂ, ਘੁਸਪੈਠ ਨਾਲ ਜੁੜੇ ਹੋ ਸਕਦੇ ਨੇ ਤਾਰ

ਭਿੱਖੀਵਿੰਡ, (ਪੰਜਾਬੀ ਸਪੈਕਟ੍ਰਮ ਸਰਵਿਸ) : ਬੀਐੱਸਐੱਫ ਦੀ 103 ਬਟਾਲੀਅਨ ਵੱਲੋਂ ਚੱਪਲਾਂ ਦੇ ਤਲਿਆਂ ‘ਚ ਹੈਰੋਇਨ ਲੁਕੋ ਕੇ ਲਿਆ ਰਹੇ ਸਰਹੱਦੀ ਪਿੰਡ ਵਾਂ ਤਾਰਾ ਸਿੰਘ ਦੇ ਕਾਬੂ ਕੀਤੇ ਪੰਜ ਲੋਕਾਂ ਖਿਲਾਫ ਥਾਣਾ ਖਾਲੜਾ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਸਾਰੇ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਇਨ੍ਹਾਂ ਦੇ ਕਬਜੇ ‘ਚੋਂ ਇਕ ਕਿੱਲੋ 120 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਗਿ੍ਰਫਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁਲਿਸ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸਣਾ ਬਣਦਾ ਹੈ ਕਿ ਭਾਰਤ-ਪਾਕਿ ਸਰਹੱਦ ਦੀ ਚੌਕੀ ਵਾਂ ਤਾਰਾ ਸਿੰਘ ਕੋਲੋਂ ਕੰਢਿਆਲੀ ਤਾਰ ਦੇ ਗੇਟ ਨੰਬਰ 140/01 ਤੋਂ ਬੀਐੱਸਐੱਫ ਦੀ 103 ਬਟਾਲੀਅਨ ਦੇ ਅਧਿਕਾਰੀਆਂ ਨੇ ਪੰਜ ਲੋਕਾਂ ਬਿਪਕਰਮਜੀਤ ਸਿੰਘ ਪੁੱਤਰ ਹਰਚਰਨ ਸਿੰਘ, ਨਿਰਮਲ ਸਿੰਘ ਪੁੱਤਰ ਸੋਹਨ ਸਿੰਘ, ਨਛੱਤਰ ਸਿੰਘ ਪੁੱਤਰ ਗੋਪਾਲ ਸਿੰਘ, ਪੰਜਾਬ ਸਿੰਘ ਪੁੱਤਰ ਕਾਬਲ ਸਿੰਘ ਅਤੇ ਰਾਜੂ ਪੁੱਤਰ ਨਿਰਵੈਲ ਸਿੰਘ ਵਾਸੀ ਵਾਂ ਤਾਰਾ ਸਿੰਘ ਨੂੰ ਚਾਰੇ ਜੋੜੇ ਚੱਪਲਾਂ ‘ਚ ਲੁਕੋਈ ਗਈ 1 ਕਿੱਲੋ 120 ਗ੍ਰਾਮ ਹੈਰੋਇਨ ਸਮੇਤ ਗਿ੍ਰਫਤਾਰ ਕੀਤਾ ਸੀ। ਥਾਣਾ ਖਾਲੜਾ ਦੇ ਜਾਂਚ ਅਧਿਕਾਰੀ ਸਾਹਿਬ ਸਿੰਘ ਨੇ ਦੱਸਿਆ ਕਿ ਕੰਪਨੀ ਕਮਾਂਡਰ ਈ ਕੰਪਨੀ 103 ਬਟਾਲੀਅਨ ਇੰਸਪੈਕਟਰ ਹਿੰਮਤ ਬੋਰੇ ਵੱਲੋਂ ਹੈਰੋਇਨ ਸਮੇਤ ਸੌਂਪੇ ਗਏ ਪੰਜ ਮੁਲਜਮਾਂ ਨੂੰ ਹਿਰਾਸਤ ਲੈ ਲਿਆ ਗਿਆ ਹੈ ਜਿਨ੍ਹਾਂ ਖਿਲਾਫ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।