ਥਰਮਲ ਬੰਦ ਹੋਣ ਖਿਲਾਫ ਮਰਨ ਵਰਤ ’ਤੇ ਆਏ ਬਜੁਰਗ ਨੇ ਦਮ ਤੋੜਿਆ

ਮਰਨ ਵਰਤ ਤੇ ਆਏ ਬਜੁਰਗ ਦੀ ਲਾਸ਼ ਅਤੇ ਉਸ ਵੱਲੋਂ ਲਿਆਂਦੀ ਗਈ ਗੁਰੂ ਜੀ ਦੀ ਤਸਵੀਰ।
ਬਠਿੰਡਾ, (ਪੰਜਾਬੀ ਸਪੈਕਟ੍ਰਮ ਸਰਵਿਸ) ਇਥੋਂ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਗੇਟ ’ਤੇ ਬੁੱਧਵਾਰ ਨੂੰ ਇਕ ਵਿਅਕਤੀ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ। ਇਹ ਵਿਅਕਤੀ ਸਵੇਰੇ ਥਰਮਲ ਦੇ ਗੇਟ ’ਤੇ ਆਇਆ। ਉਸ ਦੇ ਮੋਟਰਸਾਈਕਲ ’ਤੇ ਕਿਸਾਨ ਯੂਨੀਅਨ ਦਾ ਝੰਡਾ ਟੰਗਿਆ ਹੋਇਆ ਸੀ। ਉਹ ਆਪਣੇ ਨਾਲ ਲਿਆਂਦੀ ਗੁਰੂ ਨਾਨਕ ਦੇਵ ਦੀ ਫ਼ੋਟੋ ਨੂੰ ਹੱਥਾਂ ਵਿਚ ਫੜ੍ਹ ਕੇ ਥਰਮਲ ਦੇ ਗੇਟ ਅੱਗੇ ਬੈਠ ਗਿਆ। ਸੁਰੱਖਿਆ ਕਰਮੀਆਂ ਵੱਲੋਂ ਰੋਕੇ ਜਾਣ ’ਤੇ ਉਸ ਦਾ ਜਵਾਬ ਸੀ ਕਿ ਥਰਮਲ ਬੰਦ ਹੋਣ ਦੇ ਵਿਰੋਧ ’ਚ ਉਹ ਇਥੇ ਮਰਨ ਵਰਤ ’ਤੇ ਬੈਠਣ ਆਇਆ ਹੈ। ਦੱਸਿਆ ਗਿਆ ਕਿ ਉਸ ਕੋਲ ਥਰਮਲ ਸਬੰਧੀ ਲਿਖ਼ਤੀ ਦਸਤਾਵੇਜ਼ ਵੀ ਸਨ। ਕਰੀਬ ਇਕ ਘੰਟੇ ਬਾਅਦ ਉਸੇ ਜਗ੍ਹਾ ’ਤੇ ਹੀ ਉਹ ਦਮ ਤੋੜ ਗਿਆ। ਥਾਣਾ ਥਰਮਲ ਦੀ ਪੁਲੀਸ ਮੌਕੇ ’ਤੇ ਪੁੱਜੀ ਅਤੇ ਮੁੱਢਲੀ ਕਾਨੂੰਨੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਸਹਾਰਾ ਸੰਸਥਾ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮਰਹੂਮ ਦੀ ਜੇਬ੍ਹ ’ਚੋਂ ਮਿਲੇ ਆਧਾਰ ਕਾਰਡ ਮੁਤਾਬਿਕ ਉਹ ਜੋਗਿੰਦਰ ਸਿੰਘ (56) ਸੰਗਰੂਰ ਜ਼ਿਲ੍ਹੇ ਨਾਲ ਸਬੰਧਿਤ ਸੀ।