ਦਿਨੇ ਦੁਪਹਿਰੇ ਹੋਈ ਕਰੀਬ 9 ਲੱਖ ਦੀ ਚੋਰੀ

ਧਾਰੀਵਾਲ, (ਪੰਜਾਬੀ ਸਪੈਕਟ੍ਰਮ ਸਰਵਿਸ) – ਜ਼ਿਲ੍ਹਾ ਗੁਰਦਾਸਪੁਰ ਸਥਿਤ ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਡਡਵਾਂ ਵਿਖੇ ਦਿਨੇ ਦੁਪਹਿਰੇ ਚੋਰਾਂ ਵੱਲੋਂ ਇੱਕ ਘਰ ਦੇ ਵਿਚ ਸੰਨ ਲਗਾ ਕੇ ਕਰੀਬ 9 ਲੱਖ ਰੁਪਏ ਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੈ। ਇਹ ਜਾਣਕਾਰੀ ਦਿੰਦਿਆਂ ਘਰ ਦੇ ਮੁਖੀ ਰੋਹਨ ਕੁਮਾਰ ਪੁੱਤਰ ਲੇਟ ਤਰਸੇਮ ਕੁਮਾਰ ਡਡਵਾਂ ਨੇ ਦੱਸਿਆ ਕਿ ਉਹ ਅੱਜ ਦੁਪਹਿਰ 11 ਵਜੇ ਕਿਸੇ ਜ਼ਰੂਰੀ ਕੰਮ ਲਈ ਆਪਣੀ ਮਾਤਾ ਦੇ ਨਾਲ ਘਰ ਤੋਂ ਬਾਹਰ ਗਏ ਸਨ ਕਿ ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਤਾਲਾ ਟੁੱਟਿਆ ਹੋਇਆ ਹੈ। ਜਦ ਉਨ੍ਹਾਂ ਨੇ ਘਰ ਆ ਕੇ ਛਾਣਬੀਣ ਕੀਤੀ ਤਾਂ ਉਨ੍ਹਾਂ ਦੀ ਅਲਮਾਰੀ ਦਾ ਮੇਨ ਤਾਲਾ ਟੁੱਟਿਆ ਹੋਇਆ ਸੀ ਜਿਸ ਵਿਚ ਪਈ ਕਰੀਬ 6 ਲੱਖ ਦੀ ਨਕਦੀ ਅਤੇ 3 ਲੱਖ ਦਾ ਸੋਨਾ ਚੋਰਾਂ ਵੱਲੋਂ ਚੋਰੀ ਕੀਤਾ ਜਾ ਚੁੱਕਾ ਸੀ। ਜਿਸ ਦੀ ਉਨ੍ਹਾਂ ਨੇ ਥਾਣਾ ਧਾਰੀਵਾਲ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।