ਦਿੱਲੀ ਤੋਂ ਹੈਰੋਇਨ ਲੈ ਕੇ ਜਲੰਧਰ ਪੁੱਜੇ ਦੋ ਵਿਦਿਆਰਥੀ, ਪੁਲਿਸ ਨੇ ਕੀਤੇ ਗਿ੍ਰਫਤਾਰ

ਜਲੰਧਰ, (ਪੰਜਾਬੀ ਸਪੈਕਟ੍ਰਮ ਸਰਵਿਸ) : ਸੀਆਈਏ ਸਟਾਫ ਜਲੰਧਰ ਦਿਹਾਤ ਦੀ ਪੁਲਿਸ ਨੇ ਗਸ਼ਤ ਦੌਰਾਨ ਸੋਨੀਪਤ ਦੇ ਕਾਲਜ ਦੇ ਦੋ ਵਿਦਿਆਰਥੀਆਂ ਨੂੰ ਕਰੋੜਾਂ ਦੀ ਹੈਰੋਇਨ ਸਮੇਤ ਉਸ ਵੇਲੇ ਕਾਬੂ ਕਰ ਲਿਆ ਜਦੋਂ ਉਹ ਦਿੱਲੀ ਤੋਂ ਆਈ ਇਕ ਬੱਸ ‘ਚੋਂ ਉਤਰ ਕੇ ਪੈਦਲ ਜਾ ਰਹੇ ਸਨ।
ਇਸ ਸਬੰਧੀ ਐੱਸਐੱਸਪੀ ਦਿਹਾਤੀ ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਪਿੰਡ ਰਾਏਪੁਰ ਰਸੂਲਪੁਰ ਲਿੰਕ ਸੜਕ ‘ਤੇ ਗਸ਼ਤ ਕਰ ਰਹੇ ਸਨ ਕਿ ਉਸੇ ਦੌਰਾਨ ਇਕ ਬੱਸ ‘ਚੋਂ ਦੋ ਨੌਜਵਾਨ ਹੇਠਾਂ ਉਤਰੇ ਜਿਨ੍ਹਾਂ ਨੇ ਆਪਣੇ ਮੋਢਿਆਂ ‘ਤੇ ਪਿੱਠੂ ਬੈਗ ਪਾਏ ਹੋਏ ਸਨ। ਬੱਸ ‘ਚੋਂ ਹੇਠਾਂ ਉਤਰ ਕੇ ਉਕਤ ਨੌਜਵਾਨ ਪੈਦਲ ਹੀ ਚੱਲ ਪਏ। ਜਦ ਉਨ੍ਹਾਂ ਨੇ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਉਹ ਇਕਦਮ ਘਬਰਾ ਗਏ ਤੇ ਤੇਜ਼ ਕਦਮਾਂ ਨਾਲ ਚੱਲਣ ਲੱਗ ਪਏ। ਦੋਵਾਂ ਨੌਜਵਾਨਾਂ ਨੂੰ ਸ਼ੱਕੀ ਹਾਲਤ ‘ਚ ਦੇਖਦੇ ਹੋਏ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਰੋਕ ਕੇ ਜਦ ਦੋਵਾਂ ਦੇ ਪਿੱਠੂ ਬੈਗ ਦੀ ਤਲਾਸ਼ੀ ਲਈ ਤਾਂ ਦੋਵਾਂ ਦੇ ਬੈਗ ‘ਚੋਂ 500-500 ਗ੍ਰਾਮ ਹੈਰੋਇਨ ਬਰਾਮਦ ਹੋਈ ਬਰਾਮਦ ਕੀਤੀ ਗਈ ਜਿਸ ਦੀ ਅੰਤਰਰਾਸਟਰੀ ਬਾਜ਼ਾਰ ਵਿਚ ਕੀਮਤ ਪੰਜ ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਉਕਤ ਨੌਜਵਾਨ ਜਿਨ੍ਹਾਂ ਦੀ ਪਛਾਣ ਪ੍ਰਵੀਨ ਰਾਜਪੂਤ ਵਾਸੀ ਜਨਤਾ ਕਾਲੋਨੀ ਸੋਨੀਪਤ ਅਤੇ ਸੁਮਿਤ ਖਤਰੀ ਵਾਸੀ ਪਿੰਡ ਜਟਵਾੜਾ ਨੇੜੇ ਸ਼ਿਵ ਮੰਦਿਰ ਸੋਨੀਪਤ ਦੇ ਰੂਪ ‘ਚ ਹੋਈ ਹੈ, ਉੱਪਰ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਐੱਸਐੱਸਪੀ ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਨੌਜਵਾਨ ਸੋਨੀਪਤ ਕਾਲਜ ‘ਚ ਬੀ ਏ ਪਹਿਲਾ ਸਾਲ ਤੇ ਬੀ ਏ ਫਾਈਨਲ ਦੇ ਵਿਦਿਆਰਥੀ ਹਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ‘ਚ ਉਨ੍ਹਾਂ ਮੰਨਿਆ ਹੈ ਕਿ ਉਹ ਇਹ ਹੈਰੋਇਨ ਦਿੱਲੀ ਤੋਂ ਇਕ ਨਾਈਜੀਰੀਅਨ ਕੋਲੋਂ ਲੈ ਕੇ ਪੰਜਾਬ ਵਿੱਚ ਸਪਲਾਈ ਕਰਨ ਆਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਕੰਮ ਲਈ ਦਸ ਹਜ਼ਾਰ ਰੁਪਿਆ ਗੇੜੇ ਦੇ ਮਿਲਣਾ ਸੀ। ਪੁਲਿਸ ਦੋਵਾਂ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲੈਣ ਜਾ ਰਹੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਨੈੱਟਵਰਕ ਨੂੰ ਖੰਗਾਲਿਆ ਜਾਵੇਗਾ। ਨਾਈਜੀਰੀਅਨ ਤੇ ਜਿਸ ਨੂੰ ਇਹ ਸਪਲਾਈ ਦਿੱਤੀ ਜਾਣੀ ਸੀ, ਬਾਰੇ ਵੀ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਉਨ੍ਹਾਂ ਗਿ੍ਰਫਤਾਰ ਕੀਤਾ ਜਾਵੇਗਾ।