ਦੋ ਵੱਖ-ਵੱਖ ਮਾਮਲਿਆਂ ‘ਚ ਨਸ਼ੇ ਦੀ ਵੱਡੀ ਖੇਪ ਸਣੇ ਤਿੰਨ ਕਾਬੂ

ਜ਼ਿਲ੍ਹਾ ਫਾਜ਼ਿਲਕਾ ਦੀ ਅਬੋਹਰ ਪੁਲਿਸ ਨੇ ਦੋ ਵੱਖ – ਵੱਖ ਮਾਮਲਿਆਂ ਵਿੱਚ 4 ਕੁਇੰਟਲ 45 ਕਿੱਲੋ ਚੂਰਾ ਪੋਸਤ ਅਤੇ 4 ਲੱਖ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ।

ਫਾਜ਼ਿਲਕਾ: ਜ਼ਿਲ੍ਹਾ ਫਾਜ਼ਿਲਕਾ ਦੀ ਅਬੋਹਰ ਪੁਲਿਸ ਨੇ ਦੋ ਵੱਖ – ਵੱਖ ਮਾਮਲਿਆਂ ਵਿੱਚ 4 ਕੁਇੰਟਲ 45 ਕਿੱਲੋ ਚੂਰਾ ਪੋਸਤ ਅਤੇ 4 ਲੱਖ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ।ਪੁਲਿਸ ਮੁਤਾਬਿਕ ਇਹ ਨਸ਼ਾ ਰਾਜਸਥਾਨ ਵਲੋਂ ਆ ਰਹੇ ਦੋ ਨਮਕ ਦੇ ਭਰੇ ਟਰੱਕਾਂ ਵਿਚੋਂ ਬਰਾਮਦ ਕੀਤਾ ਗਿਆ ਹੈ।ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇੱਕ ਟਰੱਕ ਡਰਾਇਵਰ ਫਰਾਰ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਬੋਹਰ ਦੇ ਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਅਬੋਹਰ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਇੱਕ ਨਮਕ ਨਾਲ ਭਰੇ ਟਰੱਕ ਨੂੰ ਰੋਕਿਆ ਤਾਂ ਟਰੱਕ ਵਿੱਚ ਸਵਾਰ ਤਿੰਨ ਲੋਕ ਸ਼ੱਕੀ ਲੱਗੇ।ਜਿਨ੍ਹਾਂ ਦੀ ਤਲਾਸ਼ੀ ਲੈਣ ਉੱਤੇ ਉਨ੍ਹਾਂ ਤੋਂ 4 ਲੱਖ ਨਸ਼ੀਲੀ ਗੋਲੀਆਂ ਅਤੇ 11 ਪਲਾਸਟਿਕ ਦੇ ਗੱਟਿਆਂ ਵਿੱਚ ਭਰਿਆ ਹੋਇਆ 2 ਕੁਇੰਟਲ 20 ਕਿੱਲੋ ਚੂਰਾ ਪੋਸਤ ਬਰਾਮਦ ਹੋਇਆ।

ਉਧਰ ਥਾਣਾ ਖੁਈਆਂ ਸਰਵਰ ਦੀ ਪੁਲਿਸ ਨੇ ਇੱਕ ਨਾਕਾਬੰਦੀ ਦੇ ਦੌਰਾਨ ਇੱਕ ਟਰੱਕ ਨੂੰ ਸ਼ੱਕੀ ਆਧਾਰ ਉੱਤੇ ਰੋਕਿਆ ਤਾਂ ਉਸਦੀ ਤਲਾਸ਼ੀ ਲੈਣ ਦੇ ਦੌਰਾਨ ਉਸ ਤੋਂ 2 ਕੁਇੰਟਲ 25 ਕਿੱਲੋ ਚੂਰਾ ਪੋਸਤ ਬਰਾਮਦ ਹੋਇਆ। ਜਿਸਦਾ ਟਰੱਕ ਡਰਾਇਵਰ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।

ਐਸਪੀ ਮਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਭਗੋੜੇ ਡਰਾਇਵਰ ਦੀ ਤਲਾਸ਼ ਕਰ ਰਹੀ ਹੈ।