ਪਟਿਆਲਾ ‘ਚ ਲੋਕ ਇਨਸਾਫ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ, ਪੁਲਿਸ ਨੇ ਕੀਤਾ ਲਾਠੀਚਾਰਜ

ਪਟਿਆਲਾ, (ਪੰਜਾਬੀ ਸਪੈਕਟ੍ਰਮ ਸਰਵਿਸ) :ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਵਿਚ ਮੋਤੀ ਮਹਿਲ ਦਾ ਘਿਰਾਓ ਕਰਨ ਜਾਂਦੇ ਲੋਕ ਇਨਸਾਫ ਪਾਰਟੀ ਦੇ ਕਾਰਕੁਨਾਂ ਨੂੰ ਪੁਲੀਸ ਨੇ ਵਾਈਪੀਐਸ ਚੌਕ ਕੋਲ ਘੇਰ ਲਿਆ। ਇਸ ਦੌਰਾਨ ਕਾਫੀ ਧੱਕਾ ਮੁੱਕੀ ਹੋਣ ਤੋਂ ਬਾਅਦ ਪੁਲੀਸ ਨੇ ਲੋਕ ਇਨਸਾਫ ਪਾਰਟੀ ਦੇ ਕਾਰਕੁਨਾਂ ’ਤੇ ਲਾਠੀਆਂ ਵਰਾ ਦਿੱਤੀਆਂ। ਇਸ ਦੌਰਾਨ ਸਿਮਰਨਜੀਤ ਸਿੰਘ ਬੈਂਸ, ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ਕਈ ਵਿਅਕਤੀ ਜਖਮੀ ਹੋ ਗਏ। ਇਸ ਦੌਰਾਨ ਪੁਲੀਸ ਨੇ ਦੋ ਔਰਤਾਂ ਅਤੇ ਬੈਂਸ ਭਰਾਵਾਂ ਸਮੇਤ 15 ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ 11 ਵਜੇ ਤੋਂ ਹੀ ਲੋਕ ਇਨਸਾਫ ਪਾਰਟੀ ਦੇ ਕਾਰਕੁਨ ਪਟਿਆਲਾ ਦੇ ਮਿਨੀ ਸਕੱਤਰੇਤ ਰੋਡ ’ਤੇ ਇਕੱਤਰ ਹੋਣੇ ਸ਼ੁਰੂ ਹੋ ਗਏ ਸਨ। ਕਾਰਕੁਨਾਂ ਨੂੰ ਪਟਿਆਲਾ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਪੁਲੀਸ ਨੇ ਮੁੱਖ ਸੜਕਾਂ ’ਤੇ ਨਾਕੇ ਲਗਾਏ ਹੋਏ ਸਨ। ਫਿਰ ਵੀ ਵੱਡੀ ਗਿਣਤੀ ਕਾਰਕੁਨ ਪਟਿਆਲਾ ਅੰਦਰ ਦਾਖਲ ਹੋ ਗਏ। ਇੱਥੇ ਤਕਰੀਰਾਂ ਹੋਣ ਤੋਂ ਬਾਅਦ ਸਿਮਰਨਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਮਨਵਿੰਦਰ ਸਿੰਘ ਗਿਆਸਪੁਰਾ ਤੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਲਛਮਣ ਸਿੰਘ ਸਮੇਤ ਵੱਡੀ ਗਿਣਤੀ ਕਾਰਕੁਨਾਂ ਨੇ ਨਿਊ ਮੋਤੀ ਮਹਿਲ ਵੱਲ ਮਾਰਚ ਸ਼ੁਰੂ ਕੀਤਾ। ਜਿਵੇਂ ਹੀ ਉਹ ਵਾਈਪੀਐਸ ਚੌਕ ਕੋਲ ਪੁੱਜੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਉਥੇ ਹੀ ਰੋਕ ਲਿਆ। ਇਸ ਤੋਂ ਬਾਅਦ ਆਗੂਆਂ ਤੇ ਕਾਰਕੁਨਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਹ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਬਜਦਿ ਸਨ ਤੇ ਪੁਲੀਸ ਦੇ ਸਮਝਾਉਣ ਬਾਅਦ ਜਦੋਂ ਉਹ ਨਾ ਮੰਨੇ ਤਾਂ ਪੁਲੀਸ ਨੇ ਉਨ੍ਹਾਂ ’ਤੇ ਲਾਠੀਆਂ ਵਰਾ ਦਿੱਤੀਆਂ।