ਪਤਨੀ ਤੋਂ ਪਰੇਸ਼ਾਨ ਵਿਅਕਤੀ ਨੇ ਪੈਟਰੋਲ ਪਾ ਕੇ ਲਾਈ ਅੱਗ

ਲੁਧਿਆਣਾ, (ਪੰਜਾਬੀ ਸਪੈਕਟ੍ਰਮ ਸਰਵਿਸ) : ਪਤਨੀ ਦੇ ਹਰ ਰੋਜ਼ ਦੇ ਕਲੇਸ਼ ਤੋਂ ਇਕ ਵਿਅਕਤੀ ਇਸ ਕਦਰ ਪਰੇਸ਼ਾਨ ਹੋ ਗਿਆ ਕਿ ਉਸ ਨੇ ਆਪਣੇ ਉੱਪਰ ਪੈਟਰੋਲ ਸੁੱਟ ਕੇ ਅੱਗ ਲਗਾ ਲਈ। ਬੁਰੀ ਤਰ੍ਹਾਂ ਝੁਲਸੇ ਵਿਅਕਤੀ ਦੀ ਕੁਝ ਹੀ ਮਿੰਟਾਂ ਬਾਅਦ ਮੌਤ ਹੋ ਗਈ। ਇਸ ਮਾਮਲੇ ‘ਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਮਿ੍ਰਤਕ ਅਰਵਿੰਦਰ ਸਿੰਘ (44) ਦੇ ਪਿਤਾ ਮਹਿੰਦਰ ਸਿੰਘ ਦੇ ਬਿਆਨਾਂ ਉੱਪਰ ਮਿ੍ਰਤਕ ਦੀ ਪਤਨੀ ਰਾਜਵਿੰਦਰ ਕੌਰ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ। ਜਾਣਕਾਰੀ ਦਿੰਦਿਆਂ ਨਿਊ ਸ਼ਿਮਲਾਪੁਰੀ ਦੇ ਵਾਸੀ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਅਰਵਿੰਦਰ ਸਿੰਘ ਦਾ ਵਿਆਹ 10 ਸਾਲ ਪਹਿਲਾਂ ਪਿੰਡ ਸਿਵੀਆ ਜਿਲ੍ਹਾ ਬਠਿੰਡਾ ਦੀ ਰਹਿਣ ਵਾਲੀ ਰਾਜਵਿੰਦਰ ਕੌਰ ਨਾਲ ਹੋਇਆ ਸੀ। ਪ੍ਰੇਮ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਦੋਵਾਂ ਦਾ ਆਪਸ ‘ਚ ਝਗੜਾ ਹੋਣ ਲੱਗ ਪਿਆ।ਪਿਛਲੇ ਕਈ ਸਾਲਾਂ ਤੋਂ ਰਾਜਪਿੰਦਰ ਕੌਰ ਅਰਵਿੰਦਰ ਸਿੰਘ ਨੂੰ ਬੇਹੱਦ ਪਰੇਸ਼ਾਨ ਕਰ ਰਹੀ ਸੀ। ਪਿਤਾ ਮੁਤਾਬਕ ਅਰਵਿੰਦਰ ਸਿੰਘ ਦੀ ਹਾਲਤ ਇਹ ਹੋ ਚੁੱਕੀ ਸੀ ਕਿ ਉਹ ਛੋਟੀਆਂ-ਛੋਟੀਆਂ ਗੱਲਾਂ ਨੂੰ ਵੀ ਬੋਝ ਸਮਝਣ ਲੱਗ ਪਿਆ ਸੀ। ਅਰਵਿੰਦਰ ਆਪਣੀ ਪਤਨੀ ਤੋਂ ਇਸ ਕਦਰ ਪਰੇਸ਼ਾਨ ਹੋ ਗਿਆ ਕਿ ਉਸ ਨੇ ਸਵੇਰੇ ਸੱਤ ਵਜੇ ਦੇ ਕਰੀਬ ਘਰ ਦੇ ਬਾਹਰ ਹੀ ਆਪਣੇ ਉੱਪਰ ਪੈਟਰੋਲ ਸੁੱਟ ਕੇ ਅੱਗ ਲਗਾ ਲਈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਮਾਮਲੇ ‘ਚ ਜਾਂਚ ਅਧਿਕਾਰੀ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮਿ੍ਰਤਕ ਦੀ ਪਤਨੀ ਰਾਜਵਿੰਦਰ ਕੌਰ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।