ਪੀ.ਏ.ਯੂ. ਦੇ ਵਾਈਂਸ ਚਾਂਸਲਰ ਨੇ ਯੂਨੀਵਰਸਿਟੀ ਦੇ ਸਟਾਫ ਵਲੋਂ ਮੁੱਖ ਮੰਤਰੀ ਰਾਹਤ ਫੰਡ ਕੋਵਿਡ -19 ਲਈ 72.56 ਲੱਖ ਰੁਪਏ ਦਾ ਚੈੱਕ ਖੁਰਾਕ ਤੇ ਸਿਵਲ ਸਪਲਾਈਜ ਮੰਤਰੀ ਨੂੰ ਸੌਂਪਿਆ

ਆਸ਼ੂ ਨੇ ਕੋਰੋਨਾਵਾਇਰਸਵਿਰੁੱਧ ਲੜਾਈ ਵਿੱਚ ਪਾਏ ਉਤਮ ਯੋਗਦਾਨ ਦੀ ਕੀਤੀ ਸ਼ਲਾਘਾ

ਚੰਡੀਗੜ੍ਹ, 14 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) ਕੋਰੋਨਾਵਾਇਰਸ ਵਿਰੁੱਧ ਜੰਗ ਵਿਚ ਠੋਸ ਯਤਨ ਅਤੇ ਗਰੀਬਾਂ ਤੇ ਲੋੜਵੰਦਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਵਾਲੀ ਸੂਬਾ ਸਰਕਾਰ ਵੱਲ ਸਹਾਇਤਾ ਦਾ ਹੱਥ ਵਧਾਉਂਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਟਾਫ ਨੇ ਮੁੱਖ ਮੰਤਰੀ ਰਾਹਤ ਫੰਡ ਕੋਵਿਡ -19 ਲਈ 72.56 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ।ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਉਕਤ ਰਾਸ਼ੀ ਦਾ ਚੈੱਕ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸੌਂਪਿਆ।ਇਸ ਮਾਨਵਤਾ ਪੱਖੀ ਉਪਰਾਲੇ ਲਈ ਵਾਈਸ ਚਾਂਸਲਰ ਦਾ ਧੰਨਵਾਦ ਕਰਦਿਆਂ ਆਸ਼ੂ ਨੇ ਕਿਹਾ ਕਿ ਕੋਵਿਡ -19 ਦੌਰਾਨ ਪੈਦਾ ਹੋਈ ਇਸ ਸੰਕਟਕਾਲੀ ਘੜੀ ਵਿੱਚ ਇਹ ਯੋਗਦਾਨ ਲੋੜਵੰਦਾਂ ਅਤੇ ਗਰੀਬ ਲੋਕਾਂ ਦੀ ਸਹਾਇਤਾ ਕਰਨ ਦੀ ਦਿਸ਼ਾ ਵਿਚ ਇਕ ਵੱਡਾ ਯੋਗਦਾਨ ਹੈ। ਉਨ੍ਹਾਂ ਪੀ.ਏ.ਯੂ. ਦੇ ਸਮੁੱਚੇ ਸਟਾਫ ਦਾ ਕੋਰੋਨਵਾਇਰਸ ਮਹਾਂਮਾਰੀ ਵਿਰੁੱਧ ਸਰਕਾਰ ਦੀ ਨਿਰੰਤਰ ਲੜਾਈ ਵਿੱਚ ਤਨਦੇਹੀ ਨਾਲ ਸਮਰਥਨ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਇਸ ਮੌਕੇ ਪ੍ਰਮੁੱਖ ਸਕੱਤਰ (ਖੁਰਾਕ ਅਤੇ ਸਿਵਲ ਸਪਲਾਈ) ਕੇ.ਏ.ਪੀ. ਸਿਨਹਾ, ਡਾਇਰੈਕਟਰ (ਖੁਰਾਕ ਅਤੇ ਸਿਵਲ ਸਪਲਾਈ) ਅਨਿੰਦਿਤਾ ਮਿੱਤਰਾ, ਡਾਇਰੈਕਟਰ (ਖੇਤੀਬਾੜੀ) ਸੁਤੰਤਰ ਕੁਮਾਰ ਏਰੀ ਅਤੇ ਰਜਿਸਟਰਾਰ ਪੀਏਯੂ ਆਰ.ਐਸ. ਸਿੱਧੂ ਹਾਜ਼ਰ ਸਨ।