ਪੰਜਾਬ ‘ਚ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਨਾਲ ਮੰਗਤੇਰ ਨੇ ਤੋੜਿਆ ਰਿਸ਼ਤਾ, ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ

ਮੋਗਾ (ਪੰਜਾਬੀ ਸਪੈਕਟ੍ਰਮ ਸਰਵਿਸ): ਮਿੰਨੀ ਸਕੱਤਰੇਤ ‘ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਦੇ ਮਾਮਲੇ ‘ਚ ਦਿੱਲੀ ਤੋਂ ਗਿ੍ਰਫ਼ਤਾਰ ਮੁਲਜ਼ਮ ਜਸਪਾਲ ਸਿੰਘ ਦੀ ਮੰਗੇਤਰ ਨੇ ਉਸ ਨਾਲ ਵਿਆਹ ਤੋਂ ਨਾਂਹ ਕਰ ਦਿੱਤੀ ਹੈ। ਦੋਵਾਂ ਦਾ ਅਕਤੂਬਰ ‘ਚ ਵਿਆਹ ਹੋਣਾ ਸੀ। ਮੁਲਜ਼ਮ ਦੀ ਮੰਗੇਤਰ ਬਰਨਾਲਾ ਵਿਖੇ ਇਕ ਨਿੱਜੀ ਕੰਪਨੀ ‘ਚ ਕੰਮ ਕਰਦੀ ਹੈ। ਜਸਪਾਲ ਦੇ ਦੇਸ਼ ਧ੍ਰੋਹ ਮਾਮਲੇ ‘ਚ ਕਾਬੂ ਆਉਣ ਕਾਰਨ ਉਸ ਨੇ ਵਿਆਹ ਤੋਂ ਨਾਂਹ ਕਰ ਦਿੱਤੀ ਹੈ। ਮੋਗਾ ਪੁਲਿਸ ਦੀ ਪੁੱਛਗਿੱਛ ‘ਚ ਹਾਲੇ ਤਕ ਜਸਪਾਲ ਸਿੰਘ ਤੇ ਇੰਦਰਜੀਤ ਸਿੰਘ ਦਾ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਨਾਲ ਕਿਸੇ ਤਰ੍ਹਾਂ ਦਾ ਸਬੰਧ ਸਾਹਮਣੇ ਨਹੀਂ ਆਇਆ ਹੈ। ਐੱਸਪੀ (ਡੀ) ਜਗਤਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਦੋਵੇਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਪਰ ਦਿੱਲੀ ਪੁਲਿਸ ਦਾ ਇਹ ਦਾਅਵਾ ਹੈ ਕਿ ਉਨ੍ਹਾਂ ਦਾ ਸਬੰਧ ਕੇਜ਼ੈੱਡਐੱਫ ਨਾਲ ਵੀ ਹੈ, ਇਹ ਗੱਲ ਹੈਰਾਨ ਕਰਨ ਵਾਲੀ ਹੈ। ਹਾਲੇ ਤਕ ਕੀਤੀ ਪੁੱਛਗਿੱਛ ‘ਚ ਤੇ ਉਨ੍ਹਾਂ ਦੀ ਕਾਲ ਡਿਟੇਲ ‘ਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ, ਜਿਸ ਨਾਲ ਦੋਵੇਂ ਦੇ ਕੇਜ਼ੈੱਡਐੱਫ ਨਾਲ ਸਬੰਧਤ ਸਾਬਤ ਹੋਣ। ਉਧਰ ਇਸ ਪੂਰੇ ਮਾਮਲੇ ਦੀ ਯੋਜਨਾ ਬਣਾ ਕੇ ਦੋਵਾਂ ਮੁਲਜ਼ਮਾਂ ਨੂੰ ਪਹਿਲਾਂ ਅੰਮਿ੍ਰਤਸਰ ਦੇ ਰਸਤੇ, ਬਾਅਦ ‘ਚ ਦਿੱਲੀ ਹੋ ਕੇ ਨੇਪਾਲ ਰਾਹੀਂ ਪਾਕਿਸਤਾਨ ਭਜਾਉਣ ਦਾ ਯਤਨ ਕਰਨ ਵਾਲੇ ਜੱਗਾ ਨੂੰ ਲੈ ਕੇ ਪੁਲਿਸ ਹਾਲੇ ਚੁੱਪ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਇਸ ‘ਤੇ ਫੋਕਸ ਕਰ ਰਹੀ ਹੈ ਕਿ ਖ਼ਾਲਿਸਤਾਨ ਦੇ ਨਾਂ ‘ਤੇ ਹੁਣ ਤਕ ਪੰਨੂ ਦਾ ਕਰੀਬੀ ਗੁਰਗਾ ਜੱਗਾ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਆਪਣੇ ਜਾਲ ‘ਚ ਫਸਾ ਚੁੱਕਾ ਹੈ। ਪੁਲਿਸ ਨੂੰ ਪੂਰੇ ਦਿਨ ਕੀਤੀ ਪੁੱਛਗਿੱਛ ਦੌਰਾਨ ਜਸਪਾਲ ਤੋਂ ਬਰਾਮਦ ਹੋਈ ਪੈੱਨ ਡਰਾਈਵ ‘ਚੋਂ ਕੁਝ ਖਾਸ ਤੱਥ ਹਾਸਲ ਨਹੀਂ ਹੋ ਸਕੇ ਹਨ। ਪੁਲਿਸ ਹੁਣ ਉਸ ਦੇ ਕੈਫੇ ਤੋਂ ਲਿਆਂਦੇ ਗਏ ਲੈਪਟਾਪ ਤੇ ਕੰਪਿਊਟਰ ਦਾ ਰਿਕਾਰਡ ਖੰਗਾਲ ਰਹੀ ਹੈ।
ਜਸਪਾਲ ਸਿੰਘ ਦੇ ਪਿਤਾ ਏਐੱਸਆਈ ਚਮਕੌਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਕਬੱਡੀ ਖਿਡਾਰੀ ਸੀ। ਦੋ ਸਾਲ ਪਹਿਲਾਂ ਉਸ ਦਾ ਚੂਲ੍ਹਾ ਟੁੱਟ ਗਿਆ ਸੀ। ਉਸ ਤੋਂ ਬਾਅਦ ਉਹ ਕਬੱਡੀ ਮੈਦਾਨ ‘ਚ ਨਹੀਂ ਉਤਰ ਸਕਿਆ। ਪਰੇਸ਼ਾਨ ਹੋ ਕੇ ਸ਼ਰਾਬ ਪੀਣ ਲੱਗ ਪਿਆ। ਜਦ ਉਹ ਰੋਕਦੇ ਸਨ ਤਾਂ ਉਹ ਝਗੜਾ ਕਰਨ ਲੱਗ ਪੈਂਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਪੁੱਤ ਦੋਸ਼ੀ ਹੈ ਤਾਂ ਸਜ਼ਾ ਮਿਲੇ ਪਰ ਸਰਕਾਰ ਗੁਰਪਤਵੰਤ ਪੰਨੂ ਨੂੰ ਵੀ ਨਾ ਛੱਡੇ, ਜੋ ਭੋਲੇ-ਭਾਲੇ ਨੌਜਵਾਨਾਂ ਨੂੰ ਆਪਣੇ ਜਾਲ ‘ਚ ਫਸਾ ਰਿਹਾ ਹੈ। ਉਸ ਨੂੰ ਇੰਟਰਪੋਲ ਦੀ ਮਦਦ ਰਾਹੀਂ ਭਾਰਤ ਲਿਆਂਦਾ ਜਾਵੇ। ਉਨ੍ਹਾਂ ਦੱਸਿਆ ਕਿ ਜਸਪਾਲ ਦਾ ਰਿਸ਼ਤਾ ਵੀ ਟੁੱਟ ਗਿਆ ਹੈ।