ਮੁਹਾਲੀ ਏਅਰਪੋਰਟ ਰੋਡ ’ਤੇ ਬੇਕਾਬੂ ਕਾਰ ਨੇ ਖਾਧੀਆਂ ਕਈ ਉਲਟਬਾਜੀਆਂ; ਚਾਲਕ ਦੀ ਮੌਤ

ਐੱਸਏਐੱਸ ਨਗਰ (ਮੁਹਾਲੀ), (ਪੰਜਾਬੀ ਸਪੈਕਟ੍ਰਮ ਸਰਵਿਸ) ਮੁਹਾਲੀ ਕੌਮਾਂਤਰੀ ਏਅਰਪੋਰਟ ਚੌਕ ਨੇੜੇ ਵੀਰਵਾਰ ਨੂੰ ਸੜਕ ਹਾਦਸੇ ਵਿੱਚ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਕੇ ਹੋ ਗਈ। ਮਿ੍ਰਤਕ ਦੀ ਪਛਾਣ ਹਤੀਸ਼ ਵਾਲੀਆ (30) ਵਾਸੀ ਪਿੰਜੌਰ ਵਜੋਂ ਹੋਈ ਹੈ। ਕਾਰ ਵਿੱਚ ਉਸ ਦੀ ਦੋਸਤ ਔਰਤ ਵੀ ਸਵਾਰ ਸੀ, ਜੋ ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਉਸ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਏਐੱਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਹਤੀਸ਼ ਵਾਲੀਆ ਕੁਰਾਲੀ ਵਿੱਚ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਸੀ। ਉਹ ਅੱਜ ਸਵੇਰੇ ਤੜਕੇ ਕਰੀਬ 3 ਵਜੇ ਆਪਣੀ ਸਵਿਫ਼ਟ ਡਿਜ਼ਾਈਰ ਕਾਰ ਵਿੱਚ ਜ਼ੀਰਕਪੁਰ ਵਾਲੇ ਪਾਸਿਓਂ ਮੁਹਾਲੀ ਆ ਰਿਹਾ ਸੀ। ਕਾਰ ਵਿੱਚ ਇਕ ਔਰਤ ਵੀ ਸਵਾਰ ਸੀ, ਜੋ ਮਰਨ ਵਾਲੇ ਦੀ ਦੋਸਤ ਦੱਸੀ ਜਾ ਰਹੀ ਹੈ। ਪੁਲੀਸ ਅਨੁਸਾਰ ਰਫ਼ਤਾਰ ਕਾਫੀ ਤੇਜ਼ ਹੋਣ ਕਾਰਨ ਬੇਕਾਬੂ ਹੋਈ ਕਾਰ ਏਅਰਪੋਰਟ ਸੜਕ ’ਤੇ ਫੁੱਟਪਾਥ ਨਾਲ ਟਕਰਾਉਣ ਉਪਰੰਤ ਕਈ ਪਲਟੀਆਂ ਖਾਂਦੇ ਹੋਏ ਦੂਜੇ ਪਾਸੇ ਜਾ ਕੇ ਸੜਕ ’ਤੇ ਉਲਟ ਗਈ। ਇਸ ਦੌਰਾਨ ਕਾਰ ਦੀ ਤਾਕੀ ਖੁੱਲ੍ਹਣ ਕਾਰਨ ਚਾਲਕ ਹਤੀਸ਼ ਵਾਲੀਆ ਸੜਕ ’ਤੇ ਡਿੱਗ ਗਿਆ ਅਤੇ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਨਾਲ ਵਾਲੀ ਸੀਟ ’ਤੇ ਬੈਠੀ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਔਰਤ ਦੀ ਇਕ ਲੱਤ ਟੁੱਟ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਔਰਤ ਬਿਆਨ ਦੇਣ ਦੇ ਕਾਬਲ ਨਹੀਂ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਿ੍ਰਤਕ ਨੌਜਵਾਨ ਦੇ ਪਿਤਾ ਬਹਾਦਰ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ ਅਤੇ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।