ਮੁਹਾਲੀ ਦੇ ਬੈਂਕ ‘ਚ ਬੰਦੂਕ ਦੀ ਨੋਕ ‘ਤੇ ਲੱਖਾਂ ਦੀ ਲੁੱਟ, ਮਾਸਕ ਲਾ ਕੇ ਆਏ ਲੁਟੇਰੇ

ਮੁਹਾਲੀ, (ਪੰਜਾਬੀ ਸਪੈਕਟ੍ਰਮ ਸਰਵਿਸ) ਮੁਹਾਲੀ ਦੇ ਫੇਜ-3ਏ ਵਿਖੇ ਸਥਿਤ ਪੰਜਾਬ ਨੈਸਨਲ ਬੈਂਕ ਵਿੱਚ ਦਿਨ ਦਿਹਾੜੇ ਬੰਦੂਕ ਦੀ ਨੋਕ ‘ਤੇ 4.80 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜਮ ਪੈਸੇ ਲੁੱਟ ਕੇ ਫਰਾਰ ਹੋ ਗਏ। ਹਾਲਾਂਕਿ, ਘਟਨਾ ਵਾਲੀ ਥਾਂ ਤੋਂ ਸਿਰਫ ਅੱਧਾ ਕਿਲੋਮੀਟਰ ਦੀ ਦੂਰੀ ‘ਤੇ ਪੁਲਿਸ ਤਾਇਨਾਤ ਸੀ ਪਰ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਸੀ। ਘਟਨਾ ਦੀ ਖਬਰ ਮਿਲਦਿਆਂ ਹੀ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਖੁਦ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ।
ਉਨ੍ਹਾਂ ਨੇ ਅਧਿਕਾਰੀਆਂ ਤੋਂ ਸਥਿਤੀ ਦਾ ਜਾਇਜਾ ਵੀ ਲਿਆ। ਇਸ ਤੋਂ ਇਲਾਵਾ ਉਕਤ ਖੇਤਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਤੋਂ ਪਰਦਾ ਉਠਾਇਆ ਜਾ ਸਕੇ। ਹਾਲਾਂਕਿ, ਹੁਣ ਤੱਕ ਪੁਲਿਸ ਅਧਿਕਾਰੀ ਇਸ ਬਾਰੇ ਬੋਲਣ ਤੋਂ ਕੁਝ ਵੀ ਪ੍ਰਹੇਜ ਕਰ ਰਹੇ ਹਨ। ਜਾਣਕਾਰੀ ਮੁਤਾਬਕ, ਕੋਰੋਨਾ ਕਰਕੇ ਸਹਿਰ ਵਿੱਚ ਸੁਰੱਖਿਆ ਪਹਿਲਾਂ ਤੋਂ ਹੀ ਸਖਤ ਹੈ। ਹਰ ਰੋਡ ‘ਤੇ ਪੁਲਿਸ ਕਰਮਚਾਰੀ ਤਾਇਨਾਤ ਹੈ।
ਅਜਿਹੀ ਸਥਿਤੀ ‘ਚ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਦੱਸ ਦਈਏ ਕਿ ਜਿਸ ਬੈਂਕ ਵਿਚ ਇਹ ਘਟਨਾ ਵਾਪਰੀ ਹੈ ਉਹ ਚੰਡੀਗੜ੍ਹ ਬਾਰਡਰ ‘ਤੇ ਹੈ। ਇਸ ਬੈਂਕ ‘ਚ ਜਿਆਦਾਤਰ ਔਰਤਾਂ ਕੰਮ ਕਰਦਿਆਂ ਹਨ। ਅਜਿਹੀ ਸਥਿਤੀ ਵਿੱਚ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮੁਲਜਮਾਂ ਨੇ ਪਹਿਲਾਂ ਰੈਕੀ ਕੀਤੀ ਸੀ। ਉਨ੍ਹਾਂ ਨੂੰ ਇਸ ਬਾਰੇ ਸਾਰੀ ਜਾਣਕਾਰੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਘਟਨਾ ਤੋਂ ਬਾਅਦ ਮੋਹਾਲੀ ਪੁਲਿਸ ਨੇ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਹੈ।