ਵਿਧਾਇਕ ‘ਤੇ ਲੱਗੇ ਨਾਜਾਇਜ਼ ਮਾਈਨਿੰਗ ਦੇ ਦੋਸ਼, ਹਾਈਕੋਰਟ ‘ਚ ਪਟੀਸ਼ਨ ਵੀ ਦਾਇਰ

ਤਰਨ ਤਾਰਨ,  (ਪੰਜਾਬੀ ਸਪੈਕਟ੍ਰਮ ਸਰਵਿਸ): ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਤੇ ਉਨ੍ਹਾਂ ਦੇ ਪੁੱਤਰ ਡਾ. ਸੰਦੀਪ ਅਗਨੀਹੋਤਰੀ ਖਿਲਾਫ ਪਿੰਡ ਢੰਡ ਦੇ ਵਸਨੀਕਾਂ ਵੱਲੋਂ  ਪ੍ਰੈੱਸ ਕਾਨਫਰੰਸ ਕਰਕੇ ਵਿਧਾਇਕ ਦੀ ਸਹਿ ਤੇ ਹਲਕੇ ਵਿੱਚ ਨਾਜਾਇਜ਼ ਮਾਈਨਿੰਗ ਹੋਣ ਦਾ ਇਲਜਾਮ ਲਾਇਆ ਹੈ। ਵਿਧਾਇਕ ਦੇ ਪੁੱਤਰ ਨੇ ਸਾਰੇ ਇਲਜਾਮਾਂ ਨੂੰ ਬੇਬੁਨਿਆਦ ਦੱਸਿਆ ਹੈ।
ਪਿੰਡ ਢੰਡ ਨਿਵਾਸੀ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਤਰਨ ਤਾਰਨ ਦੇ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਦਾ ਸਮਰਥਕ ਰਿਹਾ ਹੈ। ਤਰਨ ਤਾਰਨ ਵਿੱਚ ਹੋ ਰਹੀ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਸਬੰਧ ਵਿੱਚ ਉਸ ਨੇ ਹਾਈ ਕੋਰਟ ਵਿੱਚ ਰਿੱਟ ਦਾਖਲ ਕੀਤੀ ਹੈ। ਉਸ ਵਿੱਚ ਤਰਨ ਤਾਰਨ ਦੇ ਵਿਧਾਇਕ ਦੀ ਸਹਿ ਤੇ ਹਲਕੇ ਵਿੱਚ ਨਾਜਾਇਜ਼ ਮਾਈਨਿੰਗ ਹੋਣ ਦਾ ਇਲਜਾਮ ਲਗਾਇਆ ਗਿਆ ਹੈ।
ਕੁਲਵੰਤ ਸਿੰਘ ਨੇ ਦੱਸਿਆ ਕਿ ਹਾਈਕੋਰਟ ਵਿੱਚ ਰਿੱਟ ਪਾਉਣ ਤੋਂ ਬਾਅਦ ਵਿਧਾਇਕ ਦੇ ਸਮਰਥਕਾਂ ਵੱਲੋਂ ਉਸ ਨੂੰ ਰਿੱਟ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ। ਹੁਣ ਵਿਧਾਇਕ ਦੀ ਸ਼ਹਿ ਤੇ ਉਸ ਖਿਲਾਫ ਕਿਸੇ ਪਿੰਡ ਵਿੱਚ ਹੋਏ ਝਗੜੇ ਸਬੰਧੀ ਇਰਾਦਾ ਕਤਲ ਦਾ ਝੂਠਾ ਕੇਸ ਦਰਜ ਕਰਵਾ ਦਿੱਤਾ ਗਿਆ ਹੈ। ਕੁਲਵੰਤ ਸਿੰਘ ਨੇ ਕਿਹਾ ਕਿ ਉਸ ਨੂੰ ਵਿਧਾਇਕ ਦੇ ਸਮਰਥਕਾਂ ਵੱਲੋਂ ਲਗਾਤਾਰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਜਦਕਿ ਇਸ ਸਬੰਧੀ ਤਰਨ ਤਾਰਨ ਦੇ ਵਿਧਾਇਕ ਡਾ. ਧਰਵੀਰ ਅਗਨੀਹੋਤਰੀ ਦੇ ਸਪੁੱਤਰ ਡਾ ਸੰਦੀਪ ਅਗਨੀਹੋਤਰੀ ਨੇ ਕੁਲਵੰਤ ਸਿੰਘ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਡਾ. ਸੰਦੀਪ ਅਗਨੀਹੋਤਰੀ ਨੇ ਕਿਹਾ ਹੈ ਕਿ ਵਿਧਾਇਕ ਤੇ ਉਨ੍ਹਾਂ ਦੇ ਪਰਿਵਾਰ ਦਾ ਅਕਸ ਖਰਾਬ ਕਰਨ ਤੇ ਉਹ ਕੁਲਵੰਤ ਸਿੰਘ ਖਿਲਾਫ ਹਾਈਕੋਰਟ ਵਿੱਚ ਮਾਣਹਾਨੀ ਦਾ ਮੁਕੱਦਮਾ ਵੀ ਦਰਜ ਕਰਵਾਉਣਗੇ।