ਸਾਬਕਾ ਫੌਜੀ ‘ਤੇ ਹਮਲਾ ਕਰ ਫਰਾਰ ਹੋ ਰਹੇ ਨੌਜਵਾਨਾਂ ਦੇ ਪਿੱਛੇ ਭੱਜੀ ਔਰਤ ਦੀ ਗਈ ਜਾਨ, ਮੁਲਜਮਾਂ ਨੇ ਉੱਤੇ ਚੜ੍ਹਾਈ ਕਾਰ

ਲੁਧਿਆਣਾ, (ਪੰਜਾਬੀ ਸਪੈਕਟ੍ਰਮ ਸਰਵਿਸ) : ਸ਼ਹਿਰ ਦੇ ਗੁਰੂ ਨਾਨਕ ਨਗਰ ‘ਚ ਦਰਜਨ ਤੋਂ ਵੀ ਜਿਆਦਾ ਹਥਿਆਰਬੰਦ ਨੌਜਵਾਨਾਂ ਨੇ ਇਕ ਘਰ ‘ਚ ਵੜ ਕੇ ਸਾਬਕਾ ਫੌਜੀ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਬਚਾਅ ਕਰਨ ਆਈ ਔਰਤ ‘ਤੇ ਹਮਲਾਵਰਾਂ ਨੇ ਗੱਡੀ ਚੜ੍ਹਾ ਦਿੱਤੀ, ਜਿਸ ਨਾਲ ਉਹ ਗੰਭੀਰ ਜਖਮੀ ਹੋ ਗਈ ਤੇ ਉਸ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਅਪਰਾਧਕ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਚਾਰ ਹੋਰ ਲੋਕ ਐੱਸਪੀਐੱਸ ਹਸਪਤਾਲ ‘ਚ ਦਾਖਲ ਕਰਵਾਏ ਗਏ ਹਨ।
ਜਾਣਕਾਰੀ ਮੁਤਾਬਕ ਗੁਰੂ ਨਾਨਕ ਨਗਰ ਨਿਵਾਸੀ ਟਰਾਂਸਪੋਰਟ ਦਾ ਕੰਮ ਕਰਦਿਆਂ ਸੀਐੱਸ ਤਲਵਾਰ ਦੇ ਪੁੱਤਰ ਦਾ ਕੁਝ ਸਮੇਂ ਪਹਿਲਾਂ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ ਤੇ ਉਸ ਦਾ ਪੰਚਾਇਤੀ ਤੌਰ ‘ਤੇ ਰਾਜੀਨਾਮਾ ਵੀ ਹੋ ਗਿਆ ਸੀ। ਸ਼ਨਿਚਰਵਾਰ ਦੇਰ ਰਾਤ ਦੋ ਗੱਡੀਆਂ ‘ਚ ਸਵਾਰ ਹੋ ਕੇ ਕੁਝ ਲੋਕ ਆਏ ਤੇ ਤਲਵਾਰ ਨੂੰ ਬਾਹਰ ਬੁਲਾ ਕੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸਾਬਕਾ ਫੌਜੀ ਤੇ ਉਸ ਦੇ ਮੁੰਡੇ ਜਖਮੀ ਹੋ ਗਏ। ਮੁਹੱਲੇ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਹਮਲਾਵਰ ਗੱਡੀਆਂ ‘ਚ ਸਵਾਰ ਹੋ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ। ਤਲਵਾਰ ਦੇ ਘਰ ਰਹਿਣ ਵਾਲੇ ਕਿਰਾਏਦਾਰ ਵੀ ਉੱਥੇ ਆ ਗਏ ਤੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਿਰਾਏਦਾਰ ਨਿਸ਼ਾ ਗੱਡੀ ਦੇ ਸਾਹਮਣੇ ਆ ਗਈ ਤੇ ਚਾਲਕ ਨੇ ਗੱਡੀ ਉਸ ‘ਤੇ ਚੜ੍ਹਾ ਦਿੱਤੀ। ਅੱਗੇ ਗਲੀ ਬੰਦ ਹੋਣ ਕਾਰਨ ਹਮਲਾਵਰ ਗੱਡੀ ਉੱਥੇ ਖੜ੍ਹੀ ਕਰ ਕੇ ਕੰਧ ਟੱਪ ਕੇ ਫਰਾਰ ਹੋ ਗਏ।
ਜਖਮੀ ਨਿਸ਼ਾ ਤੇ ਸਾਬਕਾ ਫੌਜੀ ਤੇ ਉਸ ਦੇ ਮੁੰਡਿਆਂ ਨੂੰ ਐੱਸਪੀਐੱਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਨਿਸ਼ਾ ਦੀ ਮੌਤ ਹੋ ਗਈ ਹੈ ਤੇ ਤਿੰਨੋਂ ਪਿਓ-ਪੁੱਤਰ ਜਖਮੀ ਹਨ। 38 ਸਾਲਾ ਨਿਸ਼ਾ ਦੇ ਇਕ ਬੇਟਾ ਤੇ ਇਕ ਬੇਟੀ ਹੈ, ਉਸ ਦਾ ਪਿਤਾ ਹੌਜਰੀ ਦਾ ਕਾਰੋਬਾਰ ਕਰਦਾ ਹੈ। ਸੂਚਨਾ ਮਿਲਣ ‘ਤੇ ਥਾਣਾ ਡਵੀਜਨ ਨੰਬਰ 7 ਤੋਂ ਏਐੱਸਆਈ ਸੁਖਦੇਵ ਸਿੰਘ ਮੌਕੇ ‘ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।