ਸਿਹਤ ਮੰਤਰੀ ਨੇ ਕੋਵਿਡ ਦੇ ਮਰੀਜ਼ਾਂ ਤੋਂ ਵੱਧ ਪੈਸੇ ਵਸੂਲਣ ਵਾਲੇ ਨਿੱਜੀ ਹਸਪਤਾਲਾਂ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ

ਪੰਜਾਬ (ਪੰਜਾਬੀ ਸਪੈਕਟ੍ਰਮ ਸਰਵਿਸ)  ਸੂਬੇ ਵਿੱਚ ਕੁਝ ਨਿੱਜੀ ਹਸਪਤਾਲਾਂ ਦੁਆਰਾ ਕੋਵਿਡ ਦੇ ਮਰੀਜ਼ਾਂ ਤੋਂ ਹੱਦ ਤੋਂ ਵੱਧ ਪੈਸੇ ਵਸੂਲਣ ਦੀਆਂ ਰਿਪੋਰਟਾਂ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਅਜਿਹੇ ਸਾਰੇ ਹਸਪਤਾਲਾਂ ਜੋ ਇਸ ਮਹਾਂਮਾਰੀ ਕਰਕੇ ਬਣੇ ਹਾਲਾਤਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਵਿਰੁੱਧ ਸਖਤ ਕਾਰਵਾਈ ਅਤੇ ਅਜਿਹੇ ਹਸਪਤਾਲਾਂ ਦੇ ਲਾਇਸੰਸ ਰੱਦ ਕਰਨ ਦੀ ਚੇਤਾਵਨੀ ਦਿੱਤੀ ਹੈ।
ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮਰੀਜ਼ਾਂ ਅਤੇ ਨਿੱਜੀ ਹਸਪਤਾਲਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਜਲਦ ਹੀ ਕੋਵਿਡ ਦੇ ਇਲਾਜ ਲਈ ਖਰਚੇ ਤੈਅ ਕਰੇਗੀ।ਉਨ੍ਹਾਂ ਅੱਗੇ ਕਿਹਾ, “ਪਰ ਸਰਕਾਰ ਇਨ੍ਹਾਂ ਗੰਭੀਰ ਹਾਲਾਤਾਂ ਦੌਰਾਨ ਕਿਸੇ ਵੀ ਕੀਮਤ ’ਤੇ ਨਿੱਜੀ ਹਸਪਤਾਲਾਂ ਦੁਆਰਾ ਮਰੀਜ਼ਾਂ ਦੇ ਸ਼ੋਸ਼ਣ ਦੀ ਆਗਿਆ ਨਹੀਂ ਦੇਵੇਗੀ। ” ਅੱਜ ਇਥੇ ਜਾਰੀ ਇੱਕ ਬਿਆਨ ਵਿੱਚ ਸ. ਸਿੱਧੂ ਨੇ ਕਿਹਾ, “ਇਹ ਬਿਪਤਾ ਦੀ ਘੜੀ ਹੈੈ ਜਦੋਂ ਹਰ ਕੋਈ ਬਚਾਅ ਲਈ ਲੜ ਰਿਹਾ ਹੈ ਅਤੇ ਅਜਿਹੇ ਨਾਜ਼ੁਕ ਸਮੇਂ ਵਿੱਚ ਕੁਝ ਨਿੱਜੀ ਹਸਪਤਾਲ ਮਜਬੂਰ ਤੇ ਬੇਵੱਸ ਮਰੀਜ਼ਾਂ ਤੋਂ ਅੰਨ੍ਹੇਵਾਹ ਪੈਸੇ ਵਸੂਲ ਰਹੇ ਹਨ।” ਸਿਹਤ ਮੰਤਰੀ ਨੇ ਦੱਸਿਆ ਕਿ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਨਿੱਜੀ ਹਸਪਤਾਲਾਂ ਦੁਆਰਾ ਹੱਦ ਤੋਂ ਜ਼ਿਆਦਾ ਪੈਸੇ ਵਸੂਲਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ, “ਇਹ ਬੜੇ ਦੁੱਖ ਅਤੇ ਸਰਮ ਦੀ ਗੱਲ ਹੈ ਕਿ ਇਸ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਦੀ ਬਜਾਏ, ਕੁਝ ਨਿੱਜੀ ਹਸਪਤਾਲ ਅੰਨ੍ਹੇਵਾਹ ਪੈਸੇ ਵਸੂਲ ਕੇ ਮਰੀਜ਼ਾਂ ਨੂੰ ਲੁੱਟ ਰਹੇ ਹਨ ਜਿਸਦੀ ਕਿਸੇ ਵੀ ਕੀਮਤ ’ਤੇ ਆਗਿਆ ਨਹੀਂ ਦਿੱਤੀ ਜਾਵੇਗੀ।”   ਸਿੱਧੂ ਨੇ ਚੇਤਾਵਨੀ ਦਿੱਤੀ ਕਿ ਅਜਿਹੇ ਸਾਰੇ ਹਸਪਤਾਲਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ ਅਤੇ ਉਨ੍ਹਾਂ ਦੀਆਂ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ ਜਾਣਗੀਆਂ।
ਇਸ ਤੋਂ ਇਲਾਵਾ, ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਕੋਲ ਇਨ੍ਹਾਂ ਹਸਪਤਾਲਾਂ ਨੂੰ ਮੁਹੱਈਆ ਕਰਵਾਈ ਗਈ ਜਮੀਨ ਨੂੰ ਬਹੁਤ ਰਿਆਇਤੀ ਦਰਾਂ ’ਤੇ ਵਾਪਸ ਲੈਣ ਦਾ ਅਧਿਕਾਰ ਹੈ। ਮੰਤਰੀ ਨੇ ਕੋਵਿਡ ਦੇ ਮਰੀਜਾਂ ਦੇ ਇਲਾਜ ਸਬੰਧੀ ਫੀਸ ਦਾ ਫੈਸਲਾ ਕਰਨ ਹਿੱਤ ਸੋਮਵਾਰ ਨੂੰ ਇੱਕ ਵਿਸੇਸ ਮੀਟਿੰਗ ਸੱਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਕੋਈ ਵਿੱਤੀ ਨੁਕਸਾਨ ਹੋਵੇ, ਪਰ ਅਸੀਂ ਕਿਸੇ ਵੀ ਕੀਮਤ ‘ਤੇ  ਲੁੱਟ ਮਚਾਉਣ ਵੀ ਦੀ ਇਜਾਜਤ ਨਹੀਂ ਦੇਵਾਂਗੇ ਅਤੇ ਉਹ ਵੀ ਅਜਿਹੀ ਸੰਕਟਕਾਲੀ ਘੜੀ ਦੌਰਾਨ। ਸਰਕਾਰ , ਮਰੀਜਾਂ ਦੇ ਇਲਾਜ ਲਈ ਇੱਕ ਵਿਸੇਸ ਫੀਸ ਤੈਅ ਕਰੇਗੀ ਜਿਸਦਾ ਪ੍ਰਚਾਰ ਕੀਤਾ ਜਾਵੇਗਾ ਅਤੇ ਜਿਸ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਦਰਸਤ ਕਰਨਾ ਲਾਜਮੀ ਹੋਵੇਗਾ । ਉਨ੍ਹਾਂ ਸਪੱਸਟ ਕੀਤਾ ਕਿ  ਯਕੀਨਨ, ਕੋਵਿਡ ਦੇ ਇਕ ਮਰੀਜ ਦੇ ਇਲਾਜ ਲਈ  ਲੱਖਾਂ ਰੁਪਏ ਖਰਚ ਨਹੀਂ ਹੋਣੇ ਚਾਹੀਦੇ।
ਉਨ੍ਹਾਂ ਕਿਹਾ ਕਿ ਕੋਵਿਡ ਦੇ ਬਹੁਤੇ ਮਰੀਜਾਂ ਨੂੰ ਕਿਸੇ ਵਿਸੇਸ ਇਲਾਜ ਜਾਂ ਕਿਸੇ ਵਿਸੇਸ ਦਖਲ ਦੀ ਜਰੂਰਤ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਜਾਣਾ,ਸਿਰਫ ਚੰਗਾ ਖਾਣਾ ਅਤੇ ਦਵਾਈਆਂ ਦੀ ਹੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ, ਇਸ ਲਈ ਹਸਪਤਾਲਾਂ ਨੂੰ ਓਨੇ ਪੈਸੇ ਵਸੂਲ ਕਰਨ ਦੀ ਜਰੂਰਤ ਨਹੀਂ ਹੋਣੀ ਚਾਹੀਦੀ ਜਿੰਨੀ ਉਹ ਇਸ ਵੇਲੇ ਵਸੂਲ ਰਹੇ ਹਨ।