ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਹਿਕਾਰੀ ਸੁਸਾਇਟੀਆਂ ਦਾ ਪੱਧਰ ਚੁੱਕਣ ਤੇ ਦਸ਼ਾ ਸੁਧਾਰਨ ਲਈ ਦਿਸ਼ਾ ਨਿਰਦੇਸ਼ ਜਾਰੀ

  • ਸਹਿਕਾਰਤਾ ਮੰਤਰੀ ਨੇ ਜ਼ਮੀਨੀ ਹਕੀਕਤਾਂ ਜਾਣਨ ਲਈ ਵਿਧਾਇਕਾਂ ਅਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

  • ਸੁਸਾਇਟੀਆਂ ਲਈ ਲੋੜ ਅਨੁਸਾਰ ਸਟਾਫ ਦੀ ਭਰਤੀ ਦੇ ਅਧਿਕਾਰ ਜੁਆਇੰਟ ਰਜਿਸਟਰਾਰਜ਼ ਨੂੰ ਸੌਂਪੇ

ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੀਆਂ ਸਹਿਕਾਰੀਆਂ ਸੁਸਾਇਟੀਆਂ ਦੇ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਇਨਾਂ ਵਿਚਲੀਆਂ ਖਾਮੀਆਂ ਦੂਰ ਕਰਨ ਲਈ ਅੱਜ ਕੁਝ ਵਿਧਾਇਕਾਂ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਉਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜ਼ਮੀਨੀ ਹਕੀਕਤਾਂ ਜਾਣਨ ਤੋਂ ਬਾਅਦ ਸ. ਰੰਧਾਵਾ ਨੇ ਇਨਾਂ ਸੁਸਾਇਟੀਆਂ ਦਾ ਪੱਧਰ ਉਪਰ ਚੁੱਕਣ ਅਤੇ ਦਸ਼ਾ ਸੁਧਾਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਇਥੇ ਮਾਰਕਫੈਡ ਦੇ ਮੁੱਖ ਦਫਤਰ ਵਿਖੇ ਹੋਈ ਮੀਟਿੰਗ ਵਿੱਚ ਸ. ਰੰਧਾਵਾ ਨੇ ਕਿਹਾ ਕਿ ਜਿੱਥੇ ਵੀ ਸੁਸਾਇਟੀਆਂ ਨੂੰ ਲੋੜੀਂਦੇ ਸਟਾਫ ਦੀ ਲੋੜ ਹੈ, ਉਸ ਦੀ ਘਾਟ ਨੂੰ ਪੂਰਾ ਕਰਨ ਲਈ ਭਰਤੀ ਦੇ ਅਧਿਕਾਰ ਜੁਆਇੰਟ ਰਜਿਸਟਰਾਰਜ਼ ਨੂੰ ਦਿੱਤੇ ਜਾਣ। ਉਨਾਂ ਸੁਸਾਇਟੀਆਂ ਦੇ ਕੰਮ ਦਾ ਮੁਲਾਂਕਣ ਕਰਦਿਆਂ ਘਾਟੇ ਵਿੱਚ ਚੱਲ ਰਹੀਆਂ ਸੁਸਾਇਟੀਆਂ ਨੂੰ ਮੁਨਾਫੇ ਵਿੱਚ ਲਿਆਉਣ ਲਈ ਕਾਰਗਾਰ ਵਿਆਪਕ ਨੀਤੀ ਬਣਾਉਣ ਲਈ ਵੀ ਕਿਹਾ। ਉਨਾਂ ਸੁਸਾਇਟੀਆਂ ਦੇ ਕੰਮਕਾਜ ਵਿੱਚ ਸੁਧਾਰ ਅਤੇ ਪਾਰਦਰਸ਼ਤਾ ਲਿਆਉਣ ਲਈ ਵੀ ਸੁਝਾਅ ਮੰਗੇ।
ਸ. ਰੰਧਾਵਾ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਕਿਸਾਨੀ ਦੀ ਰੀੜ ਦੀ ਹੱਡੀ ਹੈ। ਕਿਸਾਨੀਂ ਨੂੰ ਲਾਹੇਵੰਦ ਬਣਾਉਣ ਲਈ ਮਜ਼ਬੂਤ ਸਹਿਕਾਰਾ ਲਹਿਰ ਦੀ ਲੋੜ ਹੈ। ਉਨਾਂ ਕਿਹਾ ਕਿ ਵਿਭਾਗ ਦੀ ਪਹਿਲ ਸਹਿਕਾਰੀ ਸੁਸਾਇਟੀਆਂ ਨੂੰ ਮਜ਼ਬੂਤ ਕਰਨਾ ਹੈ। ਉਨਾਂ ਕਿਹਾ ਕਿ ਉਹ ਖੁਦ ਨਿਰੰਤਰ ਸਮੇਂ ਦੇ ਅੰਦਰ ਸੁਸਾਇਟੀਆਂ ਦੇ ਕੰਮਕਾਜ ਦੀ ਸਮੀਖਿਆ ਕਰਿਆ ਕਰਨਗੇ।
ਮੀਟਿੰਗ ਵਿੱਚ ਵਿਧਾਇਕ ਸ. ਦਰਸ਼ਨ ਸਿੰਘ ਬਰਾੜ, ਸ. ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਸ. ਪਰਮਿੰਦਰ ਸਿੰਘ ਪਿੰਕੀ, ਸ. ਕੁਲਬੀਰ ਸਿੰਘ ਜ਼ੀਰਾ, ਸ. ਪ੍ਰੀਤਮ ਸਿੰਘ ਕੋਟਭਾਈ, ਸ. ਸੁਰਜੀਤ ਸਿੰਘ ਧੀਮਾਨ, ਸ੍ਰੀ ਨੱਥੂ ਰਾਮ, ਸ. ਦਵਿੰਦਰ ਸਿੰਘ ਘੁਬਾਇਆ, ਸ. ਬਰਿੰਦਰਮੀਤ ਸਿੰਘ ਪਾਹੜਾ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ, ਪੰਜਾਬ ਰਾਜ ਸਹਿਕਾਰੀ ਬੈਂਕ ਤੇ ਮਾਰਕਫੈਡ ਦੇ ਐਮ.ਡੀ. ਸ੍ਰੀ ਵਰੁਣ ਰੂਜ਼ਮ, ਮਿਲਕਫੈਡ ਦ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਸਣੇ ਹੋਰ ਵੀ ਉਚ ਅਧਿਕਾਰੀ ਹਾਜ਼ਰ ਸਨ।