‘ਆਪ’ ਨੇ ਕਾਂਗਰਸ ਸਰਕਾਰ ਤੇ ਲਾਏ ਗੰਭੀਰ ਦੋਸ਼, ਕਿਹਾ ਕੋਰੋਨਾ ਦੇ ਕੁੱਲ ਖ਼ਰਚ ਬਾਰੇ ਹਿਸਾਬ-ਕਿਤਾਬ ਜਾਰੀ ਕਰੇ ਸਰਕਾਰ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ ‘ਚ ਹੁਣ ਤੱਕ ਹੋਏ ਕੁੱਲ ਖ਼ਰਚ ਬਾਰੇ ਪੰਜਾਬ ਸਰਕਾਰ ਕੋਲੋਂ ਵਾਈਟ ਪੇਪਰ ਯਾਨੀ ਪੂਰਾ ਹਿਸਾਬ-ਕਿਤਾਬ ਜਾਰੀ ਕਰਨ ਦੀ ਮੰਗ ਕੀਤੀ ਹੈ।ਉਨ੍ਹਾਂ ਸਰਕਾਰ ‘ਤੇ ਕੋਰੋਨਾ ਦੇ ਨਾਂ ‘ਤੇ ਲੋਕਾਂ ਨਾਲ ਧੋਖਾ ਅਤੇ ਫ਼ੰਡਾਂ ‘ਚ ਗੜਬੜੀ ਦੇ ਦੋਸ਼ ਲਗਾਏ ਹਨ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਇੱਕ ਪਾਸੇ ਕੋਰੋਨਾ ਦੇ ਨਾਂ ‘ਤੇ ਇਕੱਠੇ ਕੀਤੇ ਫ਼ੰਡਾਂ ਨੂੰ ਸਹਿਕਾਰੀ ਬੈਂਕ ‘ਚੋਂ ਕਢਾ ਕੇ ਇੱਕ ਪ੍ਰਾਈਵੇਟ ਬੈਂਕ ‘ਚ ਰਾਖਵਾਂ (ਰਿਜ਼ਰਵ) ਰੱਖ ਦਿੱਤਾ ਗਿਆ ਹੈ, ਦੂਜੇ ਪਾਸੇ ਕੋਰੋਨਾ ਕੇਅਰ ਸੈਂਟਰਾਂ ਸਮੇਤ ਸਰਕਾਰੀ ਹਸਪਤਾਲਾਂ ‘ਚ ਲੋਕ ਸਾਫ-ਸਫਾਈ ਸਮੇਤ ਬੁਨਿਆਦੀ ਸਹੂਲਤਾਂ ਨੂੰ ਵੀ ਤਰਸ ਰਹੇ ਹਨ। ਜਦਕਿ ਜ਼ਮੀਨੀ ਹਕੀਕਤ ਦੇ ਉਲਟ ਕੋਰੋਨਾ ਵਿਰੁੱਧ ਲੜਾਈ ‘ਚ ਹੁਣ ਤੱਕ 300 ਕਰੋੜ ਰੁਪਏ ਖ਼ਰਚ ਕਰਨ ਦੇ ਦਾਅਵੇ ਕਰ ਰਹੇ ਹਨ।

 

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਰੋਨਾ ਵਿਰੁੱਧ ਲੜਾਈ ਦੀ ਅਸਲੀਅਤ ਅਤੇ ਮੁੱਖ ਮੰਤਰੀ ਵੱਲੋਂ 3 ਅਰਬ ਰੁਪਏ ਦੇ ਖ਼ਰਚਿਆਂ ਦੇ ਦਾਅਵਿਆਂ ‘ਚੋਂ ਵੱਡੇ ਪੱਧਰ ‘ਤੇ ਹੋਏ ਭ੍ਰਿਸ਼ਟਾਚਾਰ ਦੀ ਬੂ ਆ ਰਹੀ ਹੈ।ਅਮਨ ਅਰੋੜਾ ਨੇ ਮੰਗ ਕੀਤੀ ਕਿ 300 ਕਰੋੜ ਰੁਪਏ ਦੇ ਦਾਅਵਿਆਂ ਬਾਰੇ ਪੈਦਾ ਹੋਏ ਸ਼ੱਕ-ਸੰਦੇਹ ਨੂੰ ਦੂਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਾਈਟ ਪੇਪਰ ਜਾਰੀ ਕਰਨ।