ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਕੁਦਰਤ ਦਾ ਕਹਿਰ, 6 ਲੋਕਾਂ ਦੀ ਮੌਤ

ਚੰਡੀਗੜ੍ਹ: ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਤੇਜ਼ ਮੀਂਹ, ਹਨ੍ਹੇਰੀ ਤੇ ਬਿਜਲੀ ਡਿੱਗਣ ਨਾਲ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਛੇ ਲੋਕਾਂ ਦੀ ਇਨ੍ਹਾਂ ਹਾਦਸਿਆਂ ‘ਚ ਮੌਤ ਹੋ ਗਈ ਹੈ। ਲੁਧਿਆਣਾ ਦੇ ਪਿੰਡ ਦਾਦ ਵਿੱਚ ਚੱਲ ਰਹੇ ਸੀਵਰੇਜ ਦੇ ਕੰਮ ਦੀ ਪੁਟਾਈ ਦੇ ਦੌਰਾਨ ਮਿੱਟੀ ਦੀਆਂ ਢਿੱਗਾਂ ਡਿੱਗਣ ਕਰਕੇ ਤਿੰਨ ਪਰਵਾਸੀ ਮਜ਼ਦੂਰ ਹੇਠਾਂ ਦੱਬ ਗਏ ਜਿਨ੍ਹਾਂ ਵਿੱਚੋਂ ਦੋ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਇੱਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਡੇਢ ਡੇਢ ਲੱਖ ਰੁਪਿਆ ਦਿੱਤਾ ਜਾ ਰਿਹਾ ਹੈ ਜੋ ਬਹੁਤ ਘੱਟ ਹੈ। ਪੁਲਿਸ ਵਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਉਧਰ, ਫਗਵਾੜਾ ਦੇ ਸਰਾਫ਼ਾ ਬਾਜ਼ਾਰ ਨੇੜੇ ਮੁਹੱਲਾ ਸਤਕਾਰਤਾਰੀਆ ਵਿੱਚ ਬੀਤੀ ਦੇਰ ਰਾਤ ਇੱਕ ਘਰ ਦੀ ਦੂਸਰੀ ਮੰਜ਼ਲ ਦੀ ਛੱਤ ਡਿੱਗਣ ਨਾਲ ਮਾਂ ਤੇ ਧੀ ਦੀ ਦੁਖਦਾਈ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਬਿਤਾ ਤੇ ਉਸ ਦੀ ਚਾਰ ਸਾਲਾ ਬੇਟੀ ਮਾਹੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੁਹੱਲਾ ਸਤਕਾਰਤਾਰੀਆ ਵਿੱਚ ਹਰ ਰੋਜ਼ ਦੀ ਤਰ੍ਹਾਂ ਖਾਣਾ ਖਾਣ ਤੋਂ ਬਾਅਦ ਜੈ ਪ੍ਰਕਾਸ਼ ਆਪਣੀ ਪਤਨੀ ਸਬਿਤਾ ਤੇ ਦੋ ਬੱਚਿਆਂ ਨਾਲ ਆਪਣੇ ਕਮਰੇ ‘ਚ ਗਿਆ ਸੀ। ਦੇਰ ਰਾਤ ਬਿਜਲੀ ਚਮਕਣ ਤੋਂ ਬਾਅਦ ਉਸ ਦੇ ਕਮਰੇ ਦੀ ਛੱਤ ‘ਤੇ ਅਚਾਨਕ ਸੁੱਤੇ ਪਏ ਪਰਿਵਾਰ ਉੱਤੇ ਪਈ। ਇਸ ਕਾਰਨ ਜੈ ਪ੍ਰਕਾਸ਼ ਦੀ ਪਤਨੀ ਸਬਿਤਾ ਤੇ ਇੱਕ ਚਾਰ ਸਾਲਾਂ ਦੀ ਲੜਕੀ ਜ਼ਖਮੀ ਹੋ ਗਈ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ। ਜਦਕਿ ਡਾਕਟਰ ਨੇ ਸਬਿਤਾ ਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ, ਇੱਕ ਹੋਰ ਜ਼ਖਮੀ ਲੜਕੀ ਮਾਹੀ ਦੀ ਵੀ ਥੋੜ੍ਹੀ ਦੇਰ ਬਾਅਦ ਮੌਤ ਹੋ ਗਈ। ਅੰਮ੍ਰਿਤਸਰ ‘ਚ ਵੀ ਇੱਕ ਘਰ ਦੀ ਛੱਤ ਡਿੱਗਣ ਨਾਲ ਹੇਠਾਂ ਸੌਂ ਰਹੇ ਦੋ ਲੋਕਾਂ ਦੀ ਮੌਤ ਹੋ ਗਈ। ਦੋਹਾਂ ਪਤੀ-ਪਤਨੀ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੇਰ ਰਾਤ ਹਨ੍ਹੇਰੀ ਤੇ ਮੀਂਹ ਨਾਲ ਕੰਧ ਉਨ੍ਹਾਂ ਦੀ ਛੱਤ ‘ਤੇ ਡਿੱਗ ਗਈ, ਜਿਸ ਨਾਲ ਛੱਤ ਵੀ ਡਿੱਗ ਗਈ ਤੇ ਹੇਠਾਂ ਸੌਂ ਰਹੇ ਰਵਿੰਦਰ ਸਿੰਘ ਤੇ ਹਰਪ੍ਰੀਤ ਕੌਰ ਦੀ ਦੱਬਣ ਨਾਲ ਮੌਤ ਹੋ ਗਈ।