ਰਾਮਦੇਵ ਨੇ ਲਾਂਚ ਕੀਤੀ ਕੋਰੋਨਾ ਦੀ ਦਵਾਈ ਕੋਰੋਨਿਲ, ਸਫਲ ਇਲਾਜ ਦਾ ਦਾਅਵਾ

ਦੇਹਰਾਦੂਨ, (ਪੰਜਾਬੀ ਸਪੈਕਟ੍ਰਮ ਸਰਵਿਸ) ਭਾਰਤ ਵਿਚ ਕੋਰੋਨਾ ਲਾਗ ਦੇ ਮਾਮਲੇ ਕਾਫੀ ਵੱਧ ਗਏ ਹਨ। ਕੋਰੋਨਾ ਦਾ ਅਜੇ ਤੱਕ ਕੋਈ ਇਲਾਜ ਨਹੀਂ ਮਿਲਿਆ ਹੈ ਅਤੇ ਨਾ ਹੀ ਕੋਈ ਦਵਾਈ ਆਈ ਹੈ। ਇਸ ਦੌਰਾਨ ਯੋਗ ਗੁਰੂ ਬਾਬਾ ਰਾਮਦੇਵ ਦੀ ਸੰਸਥਾ ਪਤੰਜਲੀ ਨੇ ਅੱਜ ਵਿਗਿਆਨਕ ਵੇਰਵਿਆਂ ਦੇ ਨਾਲ ਕਰੋਨਾ ਦੀ ਆਯੂਰਵੈਦਿਕ ਦਵਾਈ ਕੋਰੋਨਿਲ ਪੇਸ ਕੀਤੀ ਹੈ। ਬਾਬਾ ਰਾਮਦੇਵ ਨੇ ਹਰਿਦੁਆਰ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕੋਰੋਨਿਲ ਦਵਾਈ ਲਾਂਚ ਕੀਤੀ ਹੈ। ਪਤੰਜਲੀ ਦਾ ਦਾਅਵਾ ਹੈ ਕਿ ਕੋਰੋਨਿਲ ਕੋਰੋਨਾ ਦੇ ਇਲਾਜ ਵਿਚ ਪ੍ਰਭਾਵਸਾਲੀ ਹੈ। ਰਾਮਦੇਵ ਨੇ ਦੱਸਿਆ ਕਿ ਤਿੰਨ ਦਿਨਾਂ ਦੇ ਅੰਦਰ-ਅੰਦਰ ਇਸ ਦਵਾਈ ਨਾਲ 69 ਪ੍ਰਤੀਸਤ ਮਰੀਜ ਠੀਕ ਹੋ ਗਏ ਹਨ।  ਇਸ ਦੇ ਨਾਲ ਹੀ, ਇਸ ਦਵਾਈ ਰਾਹੀਂ 7 ਦਿਨਾਂ ਵਿਚ 100 ਪ੍ਰਤੀਸਤ ਮਰੀਜ ਠੀਕ ਹੋ ਚੁੱਕੇ ਹਨ।ਰਾਮਦੇਵ ਨੇ ਕਿਹਾ ਕਿ ਜਿਸ ਪਲ ਦਾ ਦੇਸ ਅਤੇ ਦੁਨੀਆਂ ਨੂੰ ਇੰਤਜਾਰ ਸੀ, ਉਹ ਅੱਜ ਆ ਗਿਆ ਹੈ। ਕੋਰੋਨਿਲ, ਕੋਰੋਨਾ ਦੀ ਪਹਿਲੀ ਆਯੁਰਵੈਦਿਕ ਦਵਾਈ ਤਿਆਰ ਹੈ। ਇਸ ਦਵਾਈ ਦੇ ਨਾਲ, ਅਸੀਂ ਕੋਰੋਨਾ ਦੀਆਂ ਸਾਰੀਆਂ ਕਿਸਮਾਂ ਦੀਆਂ ਜਟਿਲਤਾਵਾਂ ਨੂੰ ਕਾਬੂ ਕਰਨ ਦੇ ਯੋਗ ਹੋ ਗਏ ਹਾਂ। ਯੋਗਗੁਰੂ ਰਾਮਦੇਵ ਨੇ ਦੱਸਿਆ ਕਿ ਕੋਰੋਨਿਲ ਦਾ ਸਫਲਤਾਪੂਰਵਕ 280 ਕੋਰੋਨਾ ਮਰੀਜਾਂ ਉਤੇ ਟੈਸਟ ਕੀਤਾ ਗਿਆ ਹੈ। ਦਵਾਈ ਪੂਰੀ ਖੋਜ ਨਾਲ ਤਿਆਰ ਕੀਤੀ ਗਈ ਹੈ ਅਤੇ ਇਸ ਦੇ ਚੰਗੇ ਨਤੀਜੇ ਆਉਣ ਵਾਲੇ ਹਨ।