ਪੱਤਰ ਪ੍ਰੇਰਕ
ਤਰਨ ਤਾਰਨ, 7 ਜੂਨ
ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਇੱਥੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਦਿਖਾਵਾ ਕੀਤਾ| ਰੋਹ ਵਿੱਚ ਆਏ ਦਿਖਾਵਾਕਾਰੀਆਂ ਵਲੋਂ ਸ਼ਹਿਰ ਵਿੱਚ ਮਾਰਚ ਕੀਤਾ ਗਿਆ ਅਤੇ ਸਰਕਾਰ ਦੀ ਅਰਥੀ ਸਾੜੀ ਗਈ।
ਪੰਜਾਬ ਤੇ ਯੂਟੀ ਮੁਲਾਜ਼ਮ-ਪੈਨਸ਼ਨਰਸ ਸਾਂਝਾ ਫਰੰਟ ਪੰਜਾਬ ਦੇ ਝੰਡੇ ਹੇਠ ਕੀਤੇ ਦਿਖਾਵੇ ਵਿੱਚ ਸ਼ਾਮਲ ਮੁਲਾਜ਼ਮਾਂ ਨੂੰ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਦੋਬਲੀਆਂ, ਨਛੱਤਰ ਸਿੰਘ, ਕਾਰਜ ਸਿੰਘ ਕੈਰੋਂ, ਰਮੇਸ਼ ਕੁਮਾਰ ਸ਼ੇਰਗਿਲ, ਜਸਵਿੰਦਰ ਸਿੰਘ ਮਾਨੋਚਾਹਲ ਨੇ ਸੰਬੋਧਨ ਕੀਤਾ| ਉਨ੍ਹਾਂ ਕਿਹਾ ਕਿ ਜਥੇਬੰਦੀ 13 ਮਈ ਤੋਂ ਸਰਕਾਰ ਖ਼ਿਲਾਫ਼ ਅੰਦੋਲਨ ਦੇ ਰਾਹ ’ਤੇ ਹੈ| ਬੁਲਾਰਿਆਂ ਬੀਤੇ ਕਈ-ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਹਰ ਤਰ੍ਹਾਂ ਦੇ ਦਿਹਾੜੀਦਾਰ, ਆਊਟ ਸੋਰਸਿੰਗ, ਠੇਕਾ ਆਧਾਰਿਤ ਆਦਿ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤਾ ਵਾਅਦਾ ਅੱਜ ਤੱਕ ਵੀ ਪੂਰਾ ਕਰਨ ਸਬੰਧੀ ਚੁੱਪ ਵੱਟੀ ਰੱਖਣ ਦੀ ਨਿਖੇਧੀ ਕੀਤੀ| ਆਗੂਆਂ ਨੇ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕਰ ਕੇ ਲਾਗੂ ਕਰਨ, ਮਹਿੰਗਾਈ ਭੱਤੇ ਦੀਆਂ ਰੋਕੀਆਂ ਕਿਸ਼ਤਾਂ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਸਰਕਾਰੀ ਵਿਭਾਗਾਂ ਨੂੰ ਖ਼ਤਮ ਨਾ ਕਰਨ ਆਦਿ ’ਤੇ ਵੀ ਜ਼ੋਰ ਦਿੱਤਾ| ਇਸ ਮੌਕੇ ਅਜਮੇਰ ਸਿੰਘ, ਲਖਵਿੰਦਰ ਕੌਰ ਝਬਾਲ, ਪੂਰਨ ਦਾਸ, ਕਰਮਜੀਤ ਸਿੰਘ ਕਲੇਰ ਆਦਿ ਨੇ ਵੀ ਸੰਬੋਧਨ ਕੀਤਾ| ਦਿਖਾਵਾਕਾਰੀਆਂ ਵੱਲੋਂ ਅਰਥੀ ਸਾੜਦੇ ਮੌਕੇ ਸਰਕਾਰ ਖਿਲਾਫ਼ ਖੂਬ ਨਾਅਰੇਬਾਜ਼ੀ ਕੀਤੀ ਗਈ| ਜਥੇਬੰਦੀ ਨੇ ਸੂਬੇ ਅੰਦਰ ਅਣਮਿਥੇ ਸਮੇਂ ਲਈ ਹੜਤਾਲ ’ਤੇ ਚਲਦੇ ਆ ਰਹੇ ਸਫ਼ਾਈ ਸੇਵਕਾਂ ਦੇ ਅੰਦੋਲਨ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਨ ਦਾ ਵੀ ਐਲਾਨ ਕੀਤਾ|