ਜਗਰਾਉ / ਮੁੱਲਾਂਪੁਰ ਦਾਖਾ,27 ਅਗਸਤ ( ਕੁਲਵਿੰਦਰ ਸਿੰਘ ਚੰਦੀ ) :- ਜ਼ਿਲ੍ਹਾਂ ਲੁਧਿਆਣਾ ਅੰਦਰ ਤਲਵੰਡੀ ਖੁਰਦ ਵਿਖੇ ਬਣੀ ਸੰਸਥਾਂ “ਰੱਬੀ ਰੂਹਾਂ ਦਾ ਘਰ” ‘ਚੋਂ ਬੀਤੀ ਰਾਤ ਕਰੀਬ 1 ਵਜੇ ਦੇ ਕਰੀਬ ਦੋ ਨਾਬਾਲਗ ਕੁੜੀਆਂ “ਰੱਬੀ ਰੂਹਾਂ ਦਾ ਘਰ” ਦੀ ਕੰਧ ਟੱਪ ਕੇ ਫਰਾਰ ਹੋ ਗਈਆਂ ਜੋ ਅਜੇ ਤੱਕ ਲਾਪਤਾ ਹਨ। ਥਾਣਾ ਦਾਖਾ ਦੀ ਪੁਲਸ ਵੱਲੋਂ ਭਾਲ ਜਾਰੀ ਹੈ, ਉਥੇ ਇਹ ਲੜਕੀਆਂ ਅੰਦਰਲੇ ਗੇਟ ਨੂੰ ਲੱਗੇ ਤਾਲੇ ਨੂੰ ਖੋਲ ਕੇ ਬਾਹਰ ਕਿਵੇਂ ਨਿਕਲੀਆਂ? ਇਹ ਵੀ ਜਾਂਚ ਦਾ ਵਿਸ਼ਾ ਹੈ ਤੇ ਇਸ ਦੀ ਜਾਂਚ ਦਾਖਾ ਪੁਲਸ ਵੱਲੋਂ ਕੀਤੀ ਜਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਇਹ ਦੋਵੇਂ ਲੜਕੀਆਂ ਪਹਿਲਾਂ ਆਪਣੇ ਪ੍ਰੇਮੀਆਂ ਨਾਲ ਘਰੋਂ ਚਲੀਆਂ ਗਈਆਂ ਸਨ ਅਤੇ ਥਾਣਾ ਰਾਏਕੋਟ ਅਤੇ ਥਾਣਾ ਸਿੱਧਵਾਂ ਬੇਟ ਵਿਖੇ ਇਨ੍ਹਾਂ ਦੋਵਾਂ ਲੜਕੀਆਂ ਦੇ ਪ੍ਰੇਮੀਆਂ ਉਪਰ ਜੇਰੇ ਧਾਰਾ 363, 366 ਅਧੀਨ ਥਾਣਾ ਰਾਏਕੋਟ ਅਤੇ ਥਾਣਾ ਸਿੱਧਵਾਂ ਬੇਟ ਵਿਖੇ ਕੇਸ ਦਰਜ ਹਨ ਕਿਉਂਕਿ ਉਨ੍ਹਾਂ ਨੇ ਵਿਆਹ ਦਾ ਝਾਂਸਾ ਦੇ ਕੇ ਇਨ੍ਹਾਂ ਨੂੰ ਵਰਗਲਾ ਕੇ ਘਰੋਂ ਭਜਾਇਆ ਸੀ।

ਪੁਲਸ ਨੇ ਪ੍ਰੇਮੀਆਂ ਨੂੰ ਜੇਲ੍ਹ ਭੇਜ ਦਿੱਤਾ ਸੀ ਪਰ ਇਨ੍ਹਾਂ ਦੋਵੇਂ ਲੜਕੀਆਂ ਨੇ ਘਰ ਜਾਣ ਤੋਂ ਇਨਕਾਰ ਕਰ ਦੇਣ ‘ਤੇ ਇਨ੍ਹਾਂ ਨੂੰ ਪੁਲਸ ਨੇ ਰੱਬੀ ਰੂਹਾਂ ਦੇ ਘਰ ਵਿਚ ਭੇਜ ਦਿੱਤਾ ਸੀ। ਇਹ ਦੋਵੇਂ ਲੜਕੀਆਂ ਨਾਬਾਲਗ ਹਨ ਅਤੇ ਕਿੱਧਰ ਨੂੰ ਗਈਆਂ ਹਨ ਇਸ ਦਾ ਪਤਾ ਲਗਾਉਣ ਲਈ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ, ਉੱਥੇ ਢਾਬਿਆਂ ਅਤੇ ਟੀ-ਸਟਾਲਾਂ ਆਦਿ ਜਨਤਕ ਥਾਵਾਂ ਤੋਂ ਇਨ੍ਹਾਂ ਦੀ ਪੁੱਛਗਿੱਛ ਜਾਰੀ ਹੈ। ਥਾਣਾ ਦਾਖਾ ਦੇ ਮੁਖੀ ਦੀਪ ਕਰਨ ਸਿੰਘ ਤੂਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਚ ਏ. ਐੱਸ. ਆਈ. ਕੁਲਦੀਪ ਸਿੰਘ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਰੱਬੀ ਰੂਹਾਂ ਦੇ ਘਰ ਦੀ ਕੰਧ ਟੱਪਣ ਤੋਂ ਪਹਿਲਾਂ ਇਹ ਘਰ ਵਿਚ ਲੱਗੇ ਕਮਰੇ ਦੇ ਜਿੰਦੇ ਅੰਦਰ ਹੁੰਦੀਆਂ ਹਨ ਅਤੇ ਸਕਿਓਰਿਟੀ ਗਾਰਡ ਬਾਕਾਇਦਾ ਤਾਇਨਾਤ ਹੁੰਦਾ ਹੈ। ਇਨ੍ਹਾਂ ਨੇ ਤਾਲ਼ਾ ਕਿਵੇਂ ਖੋਲ੍ਹਿਆ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਤਾਲ਼ਾ ਖੋਲ੍ਹਣ ਉਪਰੰਤ ਹੀ ਇਨ੍ਹਾਂ ਨੇ ਰੱਬੀ ਰੂਹਾਂ ਦੇ ਘਰ ਦੀ ਕੰਧ ਟੱਪੀ ਹੈ ਅਤੇ ਫਰਾਰ ਹੋਈਆਂ ਹਨ ਜੋ ਕਿ ਅਜੇ ਤੱਕ ਲਾਪਤਾ ਹਨ।

Leave a Reply

Your email address will not be published. Required fields are marked *