ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਰਐਸਐਸ ਮੁਖੀ ਦੇ ‘ਸਾਰੇ ਭਾਰਤੀ ਹਿੰਦੂ’ ਵਾਲੇ ਬਿਆਨ ਦਾ ਦਿੱਤਾ ਮੋੜਵਾਂ ਜਵਾਬ
ਗੁਰਦੁਆਰਾ ਗੁਰੂਸਰ ਸਾਹਿਬ ਕਾਉਂਕੇ ਵਿਖੇ ਨਵੇਂ ਦਰਬਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਪ੍ਰਕਾਸ਼
ਸਿੱਖ ਇੱਕ ਵੱਖਰੀ ਕੌਮ ਹੈ, ਇਸ ਦੀ ਪਛਾਣ ਨਿਰਾਲੀ ਹੈ ਜੋ ਇਸ ਦੀ ਮੌਲਿਕਤਾ ਅਤੇ ਵਿਲੱਖਣਤਾ ਨੂੰ ਦਰਸਾਉਂਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਰਐਸਐਸ ਮੁਖੀ ਸ੍ਰੀ ਮੋਹਨ ਭਾਗਵਤ ਦੇ ਬਿਆਨ ਦਾ ਜਵਾਬ ਦਿੰਦਿਆਂ ਕੀਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਦੁਆਰਾ ਗੁਰੂਸਰ ਸਾਹਿਬ ਕਾਉਂਕੇ, ਜਗਰਾਓਂ ਵਿਖੇ ਨਵੇਂ ਬਣੇ ਦਰਬਾਰ ਹਾਲ ਦੇ ਉਦਘਾਟਨ ਸਮਾਗਮ ਵਿਚ ਸ਼ਾਮਿਲ ਹੋਣ ਸਮੇ ਆਖੇ ।
ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਆਏ ਦਿਨ ਆਰਐਸਐਸ ਆਗੂ ਸ੍ਰੀ ਮੋਹਨ ਭਾਗਵਤ ਆਪਣੇ ਮਨ ਨੂੰ ਧਰਵਾਸ ਦੇਣ ਲਈ ਭਾਰਤ ‘ਚ ਰਹਿਣ ਵਾਲੇ ਹਰ ਵਿਅਕਤੀ ਨੂੰ ਹਿੰਦੂ ਹੋਣ ਦਾ ਫਤਵਾ ਦੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ਵਾਲੇ ਇਹਨਾਂ ਲੋਕਾਂ ਨੂੰ ਇੱਕ ਵਾਰ ਭਾਰਤ ਅਤੇ ਖਾਸਕਰ ਸਿੱਖਾਂ ਦਾ ਇਤਿਹਾਸ ਜਰੂਰ ਪੜ੍ਹ ਲੈਣਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਨਹੀਂ ਹਨ। ਸਿੱਖਾਂ ਦਾ ਆਪਣਾ ਵਿਲੱਖਣ ਇਤਿਹਾਸ – ਖਾਸਾ ਹੈ, ਜਿਸ ਨੂੰ ਕੋਈ ਵੀ ਰਲਗੱਡ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਕਿਸੇ ਇੱਕ ਧਰਮ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾ ਆਪਣੇ ਧਰਮ ਦੀਆਂ ਰਵਾਇਤਾਂ ਅਨੁਸਾਰ ਦੇਸ਼ ਲਈ ਖੜਦੇ ਹਨ। ਹਰ ਸੰਕਟ ਸਮੇਂ ਸਿੱਖਾਂ ਦੇ ਯੋਗਦਾਨ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਆਰਐਸਐਸ ਮੁਖੀ ਨੂੰ ਵਿਵਾਦਤ ਬਿਆਨ ਦੇਣ ਤੋਂ ਸੰਕੋਚ ਕਰਨ ਦੀ ਸਲਾਹ ਦਿੱਤੀ।
ਇਸੇ ਦੌਰਾਨ ਗੁਰਦੁਆਰਾ ਗੁਰੂਸਰ ਸਾਹਿਬ ਕਾਉਂਕੇ ਵਿਖੇ ਨਵੇਂ ਬਣੇ ਦਰਬਾਰ ਹਾਲ ਦੀ ਐਡਵੋਕੇਟ ਧਾਮੀ ਨੇ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬਾਨ ਅੰਦਰ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਕਾਰਜ ਕਰਵਾਉਦੀਂ ਰਹਿੰਦੀ ਹੈ। ਇਸੇ ਤਹਿਤ ਹੀ ਗੁਰਦੁਆਰਾ ਗੁਰੂਸਰ ਸਾਹਿਬ ਕਾਉਂਕੇ ਦਾ ਨਵਾਂ ਦਰਬਾਰ ਤਿਆਰ ਕਰਵਾਇਆ ਗਿਆ ਹੈ। ਉਨ੍ਹਾਂ ਦਰਬਾਰ ਤਿਆਰ ਕਰਨ ਦੀਆਂ ਸੇਵਾਵਾਂ ਨਿਭਾਉਣ ਲਈ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦਾ ਧੰਨਵਾਦ ਕੀਤਾ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਅੱਜ ਖੁਸ਼ੀ ਦਾ ਦਿਨ ਹੈ ਜਦੋਂ ਕਾਰ ਸੇਵਾ ਉਪਰੰਤ ਗੁਰਦੁਆਰਾ ਸਾਹਿਬ ਦੇ ਤਿਆਰ ਹੋਏ ਦਰਬਾਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਸੰਗਤ ਨੇ ਇਸ ਸੇਵਾ ਵਿਚ ਵਧ ਚੜ੍ਹ ਕੇ ਹਿੱਸਾ ਪਾਇਆ ਹੈ ਅਤੇ ਭਵਿੱਖ ਵਿਚ ਵੀ ਸੰਗਤ ਦੀ ਭਾਵਨਾ ਅਨੁਸਾਰ ਲੋੜੀਂਦੀਆਂ ਸੇਵਾਵਾਂ ਜਾਰੀ ਰਹਿਣਗੀਆਂ। ਭਾਈ ਗਰੇਵਾਲ ਨੇ ਸਮਾਗਮ ਵਿਚ ਪਹੁੰਚੀਆਂ ਸਮੂਹ ਜਥੇਬੰਦੀਆਂ ਅਤੇ ਸੰਗਤਾਂ ਦਾ ਧੰਨਵਾਦ ਵੀ ਕੀਤਾ।
ਇਸੇ ਦੌਰਾਨ ਨਵੇਂ ਬਣੇ ਦਰਬਾਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ਼ਸੋਭਿਤ ਕਰਨ ਦੀ ਸੇਵਾ ਪੰਜ ਪਿਆਰਿਆਂ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬਾਬਾ ਨਰਿੰਦਰ ਸਿੰਘ ਹਜੂਰ ਸਾਹਿਬ ਵਾਲਿਆਂ ਨੇ ਕੀਤੀ। ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸਰਵਣ ਕਰਵਾਇਆ।
ਸਮਾਗਮ ਸਮੇਂ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਬਾਬਾ ਨਰਿੰਦਰ ਸਿੰਘ ਹਜੂਰ ਸਾਹਿਬ ਵਾਲੇ, ਬਾਬਾ ਅਵਤਾਰ ਸਿੰਘ ਸੁਰਸਿੰਘ, ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਵਲੋਂ ਮਹਾਂਕਾਲ ਪਰਮਜੀਤ ਸਿੰਘ ਲੁਧਿਆਣਾ, ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲੇ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਕਾਰ ਸੇਵਾ ਖਡੂਰ ਸਾਹਿਬ ਵਲੋਂ ਬਾਬਾ ਗੁਰਪ੍ਰੀਤ ਸਿੰਘ, ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੇਵਲ ਸਿੰਘ ਬਾਦਲ, ਸ. ਜਗਜੀਤ ਸਿੰਘ ਤਲਵੰਡੀ, ਸ. ਹਰਪਾਲ ਸਿੰਘ ਜੱਲ੍ਹਾ, ਹਲਕਾ ਇੰਚਾਰਜ ਸ੍ਰੀ ਐਸ ਆਰ ਕਲੇਰ, ਸੀਨੀਅਰ ਅਕਾਲੀ ਆਗੂ ਸ. ਬਰਜਿੰਦਰ ਸਿੰਘ ਬਰਾੜ, ਸ. ਹਰੀ ਸਿੰਘ ਕਾਉਂਕੇ, ਸ. ਸਰਪ੍ਰੀਤ ਸਿੰਘ ਕਾਉਂਕੇ, ਬਾਬਾ ਘਾਲਾ ਸਿੰਘ ਵੱਲੋਂ ਜਥਾ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਬਾਬਾ ਗੁਰਜੀਤ ਸਿੰਘ, ਬਾਬਾ ਭਾਗ ਸਿੰਘ ਨਾਨਕਸਰ, ਬਾਬਾ ਖੜਕ ਸਿੰਘ, ਬਾਬਾ ਹਰੀ ਸਿੰਘ ਹਰੀਕੇ , ਬਾਬਾ ਕਰਨੈਲ ਸਿੰਘ, ਬਾਬਾ ਹਰਭਜਨ ਸਿੰਘ ਢੁੱਡੀਕੇ, ਬਾਬਾ ਸੁਖਦੇਵ ਸਿੰਘ, ਸ. ਰਵਿੰਦਰ ਸਿੰਘ ਡੱਲਾ, ਬਾਬਾ ਗੁਰਦੇਵ ਸਿੰਘ, ਬਾਬਾ ਮੇਜਰ ਸਿੰਘ, ਬਾਬਾ ਅਨੰਤਕਾਲ ਸਿੰਘ, ਬਾਬਾ ਕਰਨੈਲ ਸਿੰਘ ਮੋਗਾ, ਮੈਨੇਜਰ ਸ. ਸੁਖਦੇਵ ਸਿੰਘ, ਸ. ਨੱਥਾ ਸਿੰਘ, ਸ. ਕਰਨੈਲ ਸਿੰਘ ਨਾਭਾ, ਸ. ਪਰਮਜੀਤ ਸਿੰਘ, ਸ. ਨਿਰਭੈ ਸਿੰਘ, ਸ. ਗੁਰਦੇਵ ਸਿੰਘ, ਸ. ਜਗਜੀਤ ਸਿੰਘ ਆਦਿ ਹਾਜ਼ਰ ਸਨ।