ਮਹਾਂਵੀਰ ਮਿੱਤਲ
ਜੀਂਦ, 8 ਜੂਨ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਖਟਕੜ ਟੌਲ ਪਲਾਜ਼ਾ ਕੋਲ ਕਿਸਾਨਾਂ ਦੇ ਚੱਲ ਰਹੇ ਧਰਨੇ ਦੀ ਪ੍ਰਧਾਨਗੀ ਅੱਜ ਕੇਹਰ ਸਿੰਘ ਨੇ ਕੀਤੀ। ਮੋਰਚੇ ਵਿੱਚ ਅੱਜ ਸੰਕੇਤਕ ਭੁੱਖ ਹੜਤਾਲ ’ਤੇ ਨਾਰਾਇਣ ਦੱਤ ਸ਼ਰਮਾ, ਸਤਵੀਰ ਬਰਸੋਲਾ, ਬਾਲ ਕਿਸ਼ਨ ਕਾਬਰਛਾ, ਹਰੀਕੇਸ਼ ਬੜੋਦਾ ਅਤੇ ਟੇਕ ਰਾਮ ਛਾਪਰਾ ਬੈਠੇ। ਇਸ ਦੌਰਾਨ ਖੇੜਾ ਖਾਪ ਦੇ ਪ੍ਰਧਾਨ ਸਤਵੀਰ ਪਹਿਲਵਾਨ ਬਰਸੋਲਾ ਨੇ ਕਿਹਾ ਕਿ ਟੋਹਾਣਾ ਵਿੱਚ ਕਿਸਾਨ ਮਜ਼ਦੂਰ ਏਕਤਾ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਜਿਹੜੇ ਕਿਸਾਨ ਫੜੇ ਸਨ, ਉਹ ਵੀ ਰਿਹਾਅ ਹੋਏ ਅਤੇ ਉਨ੍ਹਾਂ ਦੇ ਖਿਲਾਫ ਦਰਜ ਹੋਏ ਮਾਮਲੇ ਵੀ ਰੱਦ ਹੋ ਜਾਣਗੇ। ਇਸ ਤੋਂ ਪਹਿਲਾਂ ਹਿਸਾਰ ਵਿੱਚ ਵੀ ਕਿਸਾਨ ਮਜ਼ਦੂਰ ਏਕਤਾ ਦੀ ਜਿੱਤ ਹੋਈ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸੋਚ ਸੀ ਕਿ ਕਿਸਾਨਾਂ ਦਾ ਅੰਦੋਲਨ ਜਿੰਨਾ ਲੰਬਾ ਹੋਵੇਗਾ, ਓਨਾ ਹੀ ਕਮਜ਼ੋਰ ਹੋਵੇਗਾ, ਪਰ ਅੰਦੋਲਨ ਜਿੰਨਾ ਲੰਬਾ ਹੋਇਆ, ਓਨਾ ਉਸ ਦਾ ਵਿਸਥਾਰ ਹੋਇਆ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਜਨ ਅੰਦੋਲਨ ਬਣ ਚੁੱਕਿਆ ਹੈ। 2024 ਤੱਕ ਕਿਸਾਨ ਧਰਨੇ ’ਤੇ ਬੈਠਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਨਾ ਤਾਂ ਝੁਕੇਗਾ ਅਤੇ ਨਾ ਹੀ ਪਿੱਛੇ ਹਟੇਗਾ। ਸ਼ਾਂਤੀ ਪੂਰਨ ਢੰਗ ਨਾਲ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ। ਕੋਈ ਵੀ ਸਰਕਾਰੀ ਪ੍ਰੋਗਰਾਮ ਹੋਵੇਗਾ, ਜਿਸ ਵਿੱਚ ਭਾਜਪਾ ਜਜਪਾ ਦਾ ਆਗੂ ਭਾਗ ਲਵੇਗਾ, ਉਸ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਉੱਤੇ ਵਜਿੰਦਰ ਸਿੰਧੂ ਨੇ ਕਿਹਾ ਕਿ ਕਿਸਾਨ-ਮਜ਼ਦੂਰਾਂ ਦੀ ਏਕਤਾ ਨੇ ਸਾਬਤ ਕਰ ਦਿੱਤਾ ਕਿ ਆਪਣੇ ਹੱਕ ਦੀ ਲੜਾਈ ਵਿੱਚ ਉਹ ਪਿੱਛੇ ਨਹੀਂ ਹਟਣਗੇ। ਟੋਹਾਣਾ ਵਿੱਚ ਜੋ ਘਟਨਾ ਵਾਪਰੀ, ਉਹ ਕਿਸਾਨ, ਜਵਾਨ ਨੂੰ ਲੜਵਾਉਣ ਖਾਤਰ ਹੋਈ। ਕਿਸਾਨ ਆਪਣੇ ਹੱਕ ਲਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਦੇ ਤਿੰਨੋਂ ਕਾਨੂੰਨਾਂ ਨੂੰ ਰੱਦ ਕਰ ਦੇਵੇ, ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤ ਜਾਵੇਗਾ। ਇਸ ਮੌਕੇ ਕੈਪਟਨ ਵੇਦ ਪ੍ਰਕਾਸ਼, ਅਨੀਸ਼ ਖਟਕੜ, ਸੰਦੀਪ ਬੜੌਦਾ, ਜੈ ਕਿਸ਼ਨ, ਮਾਸਟਰ ਰਾਜੇਸ਼ ਮੋਨ, ਅਮਰ ਨਾਥ ਫੌਜੀ, ਅਮਰਜੀਤ ਖਟਕੜ, ਕਵਿਤਾ ਖਰਕਰਾਮਜੀ, ਸੁਰਿੰਦਰ, ਸਿਕਮ ਸਫਾਖੇੜੀ, ਅਨੀਤਾ, ਗੀਤਾ ਖਟਕੜ ਅਤੇ ਬਵਾਨ ਹਾਜ਼ਰ ਸਨ।