ਪੱਤਰ ਪ੍ਰੇਰਕ
ਭੁੱਚੋ ਮੰਡੀ, 8 ਜੂਨ
ਨਗਰ ਕੌਂਸਲ ਦੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਨਗਰ ਕੌਂਸਲ ਦੇ ਦਫ਼ਤਰ ਅੱਗੇ ਦਿੱਤਾ ਧਰਨਾ ਅੱਜ 26ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂ ਰਮੇਸ਼ ਕੁਮਾਰ, ਦਿਲਬਾਗ ਰਾਏ, ਦਰਸ਼ਨਾ ਰਾਣੀ, ਪੱਪੂ ਰਾਮ, ਜੈਪਾਲ, ਸਤਵੀਰ ਕੁਮਾਰ, ਸ਼ਸ਼ੀ ਕੁਮਾਰ ਅਤੇ ਧਰਮਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਫਾਈ ਸੇਵਕਾਂ ਦਾ ਸੰਘਰਸ਼ 25ਵੇਂ ਦਿਨ ਵਿੱਚ ਪਹੁੰਚ ਗਿਆ ਹੈ, ਪਰ ਕੈਪਟਨ ਸਰਕਾਰ ਨੇ ਸਫਾਈ ਸੇਵਕਾਂ ਦੀ ਹੱਕੀ ਮੰਗਾਂ ਮੰਨਣ ਦੀ ਬਜਾਏ ਚੁੱਪ ਧਾਰ ਰੱਖੀ ਹੈ। ਇਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਹ ਹੈ।
ਭੀਖੀ (ਪੱਤਰ ਪ੍ਰੇਰਕ): ਸਥਾਨਕ ਨਗਰ ਪੰਚਾਇਤ ਵਿੱਚ ਕੰਮ ਕਰਦੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਮਸਲੇ ਹੱਲ ਕਰਾਉਣ ਲਈ ਪੰਜਾਬ ਭਰ ਵਿੱਚ ਹੜਤਾਲ ਕੀਤੀ ਹੋਈ ਹੈ ਜੋ ਅੱਜ 27 ਵੇਂ ਦਿਨ ’ਚ ਦਾਖਲ ਹੋ ਗਈ ਹੈ। ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ ਲੂਰੀ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਫਾਈ ਕਾਮਿਆਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਸਮੁੱਚੇ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੇ ਕਾਮਿਆਂ ਵੱਲੋਂ ਸ਼ਹਿਰਾਂ, ਕਸਬਿਆਂ ਦੇ ਮੁੱਖ ਮਾਰਗ ਜਾਮ ਕੀਤੇ ਜਾਣਗੇ।
ਹੜਤਾਲ 26ਵੇਂ ਦਿਨ ’ਚ ਦਾਖ਼ਲ
ਧਨੌਲਾ (ਪੱਤਰ ਪ੍ਰੇਰਕ): ਸਫਾਈ ਸੇਵਕਾਂ ਵੱਲੋਂ ਮੰਗਾਂ ਦੀ ਪੂਰਤੀ ਲਈ ਕੀਤੀ ਹੜਤਾਲ ਅੱਜ 26ਵੇਂ ਦਿਨ ਵਿੱਚ ਦਾਖਲ ਹੋ ਚੁੱਕੀ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਧਨੌਲਾ ਹਲਕਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ ਹੜਤਾਲ ਦਾ ਸਮਰਥਨ ਕਰਨ ਨਗਰ ਕੌਂਸਲ ਧਨੌਲਾ ਦੇ ਗੇਟ ਅੱਗੇ ਲਗਾਏ ਧਰਨੇ ਵਿੱਚ ਪਹੁੰਚੇ। ਸਫਾਈ ਸੇਵਕ ਯੁਨੀਅਨ ਆਗੂ ਰਾਮ ਨਿਵਾਸ ਨੇ ਦੱਸਿਆ ਕਿ ਪੰਜਾਬ ਪੱਧਰੀ ਆਗੂਆਂ ਦੇ ਸੱਦੇ ’ਤੇ ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ।