ਬਾਂਦਾ, 9 ਜੂਨ
ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿਚ ਪੁਜਾਰੀ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਮੰਦਰਾਂ ਅਤੇ ਮੱਠਾਂ ਦੀਆਂ ਜ਼ਮੀਨਾਂ ‘ਤੇ ਪੈਦਾ ਕੀਤੀਆਂ ਫਸਲਾਂ ਵੇਚਣ ਲਈ ਦੇਵਤਿਆਂ ‘ਦੇ ਆਧਾਰ ਕਾਰਡ ਦਿਖਾਉਣ ਲਈ ਕਿਹਾ ਗਿਆ ਹੈ। ਜ਼ਿਲ੍ਹਾ ਸਬ-ਡਵੀਜ਼ਨਲ ਮੈਜਿਸਟਰੇਟ (ਐੱਸਡੀਐੱਮ) ਸੌਰਭ ਸ਼ੁਕਲਾ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਨਿਰਦੇਸ਼ ਜਾਰੀ ਕੀਤੇ ਸਨ ਕਿ ‘ਦੇਵਤਿਆਂ’ ਦਾ ਆਧਾਰ ਕਾਰਡ ਖੇਤੀ ਉਪਜ ਦੀ ਵਿਕਰੀ ਲਈ ਲਾਜ਼ਮੀ ਹੈ। ਖੁਰਹਰ ਪਿੰਡ ਦੇ ਰਾਮ ਜਾਨਕੀ ਮੰਦਰ ਦਾ ਪੁਜਾਰੀ ਜਦੋਂ ਮੰਡੀ ਵਿੱਚ ਫਸਲ ਵੇਚਣ ਲਈ ਪੁੱਜਿਆ ਤਾਂ ਸਰਕਾਰੀ ਅਧਿਕਾਰੀਆਂ ਨੇ ਇਹ ਮੰਗ ਕਰ ਦਿੱਤੀ। ਉਸ ਨੂੰ ਉਸ ਦਾ ਆਧਾਰ ਕਾਰਡ ਲਿਆਉਣ ਲਈ ਕਿਹਾ ਗਿਆ ਜਿਸ ਦੇ ਨਾਮ ’ਤੇ ਜ਼ਮੀਨ ਹੈ। ਇਹ ਜ਼ਮੀਨ ਮੰਦਰ ਦੇ ਨਾਮ ਹੈ। ਮੰਦਰ ਦੇ ਮਹੰਤ ਰਾਮ ਕੁਮਾਰ ਦਾਸ ਨੇ ਕਿਹਾ ਕਿ ਉਸ ਨੇ ਫਸਲ ਵੇਚਣ ਲਈ ਆਨਲਾਈਨ ਪੋਰਟਲ ’ਤੇ ਰਜਿਸਟਰੇਸ਼ਨ ਕਰਵਾਈ। ਉਸ ਸੌ ਕੁਇੰਟਲ ਕਣਕ ਲੈ ਕੇ ਮੰਡੀ ਪੁੱਜਿਆ। ਇਹ ਸਾਰੀ ਫਸਲ ਮੰਦਰ ਦੀ ਜ਼ਮੀਨ ’ਤੇ ਪੈਦਾ ਹੋਈ ਹੈ। ਕਾਫੀ ਦੇਰ ਤੱਕ ਉਡੀਕ ਕਰਨ ਬਾਅਦ ਜਦੋਂ ਕਈ ਖਰੀਕ ਕਰਨ ਨਾ ਆਇਆ ਤਾਂ ਪਤਾ ਲੱਗਿਆ ਕਿ ਐੱਸਡੀਐੱਮ ਨੇ ਫਸਲ ਨਾ ਖਰੀਦਣ ਦਾ ਹੁਕਮ ਦਿੱਤਾ ਹੈ। ਦਾਸ ਨੇ ਕਿਹਾ ਕਿ ਉਹ ਹੁਣ ਰੱਬ ਦਾ ਆਧਾਰ ਕਾਰਡ ਕਿਥੋਂ ਲੈ ਕੇ ਆੲੇ? ਹੁਣ, ਕਿਸੇ ਕੋਲ ਦੇਵੀ ਦੇਵਤਿਆਂ ਦਾ ਆਧਾਰ ਕਾਰਡ ਕਿਵੇਂ ਹੋ ਸਕਦਾ ਹੈ? ਐਸਡੀਐੱਮ ਨੇ ਕਿਹਾ ਕਿ ਉਹ ਆਪਣੀ ਫਸਲ ਆੜ੍ਹਤੀ ਨੂੰ ਵੇਚ ਦੇਵੇ। ਮਹੰਤ ਮੁਤਾਬਕ ਆੜ੍ਹਤੀ ਫਸਲ ਘੱਟ ਮੁੱਲ ’ਤੇ ਖਰੀਦੇਗਾ। ਇਸ ਨਾਲ ਖਰਚਾ ਪੂਰਾ ਨਹੀਂ ਹੋਵੇਗਾ। ਰੋਟੀ ਦੇ ਲਾਲ੍ਹੇ ਪੈ ਜਾਣਗੇ। ਐੱਸਡੀਐੱਮ ਨੇ ਕਿਹਾ ਕਿ ਉਨ੍ਹਾਂ ਨੇ ਹੁਕਮ ਦਿੱਤਾ ਸੀ ਕਿ ਫਸਲ ਵੇਚਣ ਲਈ ਸਾਰਿਆਂ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਹੈ ਚਾਹੇ ਉਹ ਆਦਮੀ ਹੋਵੇ ਜਾਂ ਦੇਵਤਾ।