ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ , 10 ਜੂਨ
ਬੁੱਧਵਾਰ ਦੀ ਰਾਤ ਨੂੰ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਬਜਾਜ ਪੈਟਰੋਲ ਪੰਪ ਦੇ ਸਾਹਮਣੇ ਗੋਬਿੰਦ ਨਗਰੀ ਨੂੰ ਜਾਣ ਵਾਲੀ ਸੜਕ ਤੇ ਕੁਰਕਰਿਆਂ ਨਾਲ ਭਰੇ ਟਰੱਕ ਨੂੰ ਸ਼ਾਰਟ ਸਰਕਟ ਕਾਰਣ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਕਾਰਨ ਪੈਟਰੋਲ ਪੰਪ ਸੰਚਾਲਕਾਂ ਅਤੇ ਆਮ ਲੋਕਾਂ ’ਚ ਸਹਿਮ ਦਾ ਮਾਹੌਲ ਬਣ ਗਿਆ। ਥਾਣਾ ਸਿਟੀ ਜਲਾਲਾਬਾਦ ਅਤੇ ਸਬ ਇੰਸਪੈਕਟਰ ਮਨਜੀਤ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਇਸ ਦੌਰਾਨ ਫਾਇਰ ਬ੍ਰਿਗੇਡ ਦਾ ਟੈਂਡਰ ਲੇਟ ਆਉਣ ਕਾਰਨ ਟਰੱਕ ’ਚ ਮੌਜੂਦ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਹੱਥਰਸ ਤੋਂ ਕੁਰਕਰਿਆਂ ਨਾਲ ਭਰਿਆ ਟਰੱਕ ਜਲਾਲਾਬਾਦ ’ਚ ਆ ਰਿਹਾ ਸੀ ਕਿ ਰਾਤ ਕਰੀਬ 8.15 ਵਜੇ ਗੋਬਿੰਦ ਨਗਰੀ ’ਚ ਬਣੇ ਗੋਦਾਮ ’ਚ ਜਾਂਦੇ ਸਮੇਂ ਰਸਤੇ ’ਚ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਨਿਕਲੀ ਚੰਗਿਆੜੀ ਨਾਲ ਅੱਗ ਲੱਗ ਗਈ। ਫੈਕਟਰੀ ਦੇ ਮਾਲਕ ਅਮਿਤ ਕੁਮਾਰ ਨੇ ਕਿਹਾ ਕਿ ਇਥੇ ਗੋਬਿੰਦ ਨਗਰੀ ’ਚ ਉਸ ਦਾ ਗੋਦਾਮ ਤੇ ਫੈਕਟਰੀ ਹੈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੇਰੀ ਨਾਲ ਪਹੁੰਚੀ ਅਤੇ ਦੂਜਾ ਉਸ ਵਿੱਚ ਪਾਣੀ ਵੀ ਖਤਮ ਹੋ ਗਿਆ। ਉਧਰ ਮੁਹੱਲਾ ਵਾਸੀਆਂ ਨੇ ਸਿਹਤ ਵਿਭਾਗ ਅੱਗੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ।