ਕੁਲਦੀਪ ਭੁੱਲਰ
ਮੌੜ ਮੰਡੀ, 10 ਜੂਨ
ਮੌੜ ਡਿਵੀਜ਼ਨ ਵਿੱਚ ਪਾਵਰਕੌਮ ਦੇ ਅਧਿਕਾਰੀਆਂ ਦੀ ਲਾਹਪ੍ਰਵਾਹੀ ਕਾਰਨ ਨਵੇਂ ਭਰਤੀ ਹੋਏ ਸਹਾਇਕ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਹੋਈ ਮੌਤ ਕਾਰਨ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕਰਦੇ ਹੋਏ ਬਠਿੰਡਾ-ਭਵਾਨੀਗੜ੍ਹ ਰਾਜ ਮਾਰਗ ’ਤੇ ਸਥਾਨਕ ਰਾਮਨਗਰ ਚੌਕ ਵਿੱਚ ਧਰਨਾ ਲਗਾ ਦਿੱਤਾ ਅਤੇ ਪਾਵਰ ਕਾਰਪੋਰੇਸ਼ਨ ਦੇ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਅਸਿਸਟੈਂਟ ਲਾਈਨਮੈਨ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਮਹਿਮਾ ਨੇ ਕਿਹਾ ਕਿ ਬੀਤੇ ਦਿਨ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਸਹਾਇਕ ਲਾਈਨਮੈਨ ਚਮਕੌਰ ਸਿੰਘ ਪੁੱਤਰ ਗੁਰਦੀਪ ਸਿੰਘ ਮੌੜ ਡਵੀਜ਼ਨ ਜੀਓ ਸਵਿੱਚ 11 ਕੇਵੀ ਉੱਪਰ ਕੰਮ ਕਰ ਰਿਹਾ ਸੀ ਕਿ ਬੁਰਜ ਢਿੱਲਵਾਂ ਗਰਿੱਡ ਵਿੱਚੋ ਅਚਾਨਕ ਬਿਜਲੀ ਸਪਲਾਈ ਚਾਲੂ ਕਰ ਦਿੱਤੇ ਜਾਣ ਕਾਰਨ ਉਸ ਦੀ ਕਰੰਟ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਧਰਨੇ ’ਚ ਮੌਜੂਦ ਬੁਲਾਰਿਆ ਨੇ ਮੰਗ ਕੀਤੀ ਕਿ ਇਸ ਸਬੰਧੀ ਦਰਜ ਐੱਫਆਈਆਰ ਵਿੱਚ ਦਰਜ ਧਾਰਾ 304 ਏ ਵਿਚ ਵਾਧਾ ਕਰਕੇ 302 ਧਾਰਾ ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ, ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਿੰਨਾ ਚਿਰ ਪਾਵਰਕੌਮ ਵੱਲੋਂ ਮੰਗਾਂ ਮੰਨੀਆਂ ਨਹੀ ਜਾਂਦੀਆਂ, ਉਨੀ ਦੇਰ ਤੱਕ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ ਅਤੇ ਧਰਨਾ ਲਗਾਤਾਰ ਜਾਰੀ ਰਹੇਗਾ।