ਜੈਪੁਰ/ਨਵੀਂ ਦਿੱਲੀ/ਲਖਨਊ, 11 ਜੂਨ
ਲਗਾਤਾਰ ਵੱਧ ਰਹੀਆਂ ਤੇਲ ਕੀਮਤਾਂ (ਪੈਟਰੋਲ ਤੇ ਡੀਜ਼ਲ) ਵਿਰੁੱਧ ਅੱਜ ਕਾਂਗਰਸ ਨੇ ਉੱਤਰੀ ਭਾਰਤ ਵਿਚ ਕਈ ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੇ। ਉੱਤਰ ਪ੍ਰਦੇਸ਼ ਵਿਚ ਰੋਸ ਮੁਜ਼ਾਹਰਿਆਂ ਤੋਂ ਪਹਿਲਾਂ ਹੀ ਯੂਪੀ ਕਾਂਗਰਸ ਮੁਖੀ ਅਜੈ ਕੁਮਾਰ ਲੱਲੂ ਤੇ ਹੋਰ ਪਾਰਟੀ ਵਰਕਰਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ। ਪਾਰਟੀ ਦੇ ਮੀਡੀਆ ਕਨਵੀਨਰ ਲੱਲਨ ਕੁਮਾਰ ਨੇ ਦੱਸਿਆ ਕਿ ਯੂਪੀ ਕਾਂਗਰਸ ਦੇ ਮੁਖੀ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਤੇ ਮਗਰੋਂ ਪਾਰਟੀ ਵਰਕਰਾਂ ਨਾਲ ਲਖਨਊ ਦੇ ਈਕੋ ਗਾਰਡਨ ਲਿਜਾਇਆ ਗਿਆ। ਕਾਂਗਰਸੀ ਵਰਕਰਾਂ ਨੇ ਲਖਨਊ ਦੇ ਹਜ਼ਰਤਗੰਜ ਇਲਾਕੇ ਦੇ ਇਕ ਪੈਟਰੋਲ ਪੰਪ ’ਤੇ ਰੋਸ ਪ੍ਰਗਟਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਣਾ ਸੀ। ਲੱਲੂ ਨੇ ਇਸ ਮੌਕੇ ਕਿਹਾ ਕਿ ‘ਕਾਂਗਰਸ ਵਰਕਰਾਂ ਨੂੰ ਹਿਰਾਸਤ ਵਿਚ ਲੈਣਾ ਸਰਕਾਰ ਦੇ ਤਾਨਾਸ਼ਾਹ ਵਤੀਰੇ ਦਾ ਪ੍ਰਤੀਕ ਹੈ। ਸਾਨੂੰ ਉਹ ਮੁੱਦਾ ਉਠਾਉਣ ਤੋਂ ਰੋਕਿਆ ਗਿਆ ਹੈ ਜੋ ਰਾਜ ਤੇ ਦੇਸ਼ ਦੇ ਆਮ ਲੋਕਾਂ ਨਾਲ ਜੁੜਿਆ ਹੋਇਆ ਹੈ।’ ਇਸੇ ਤਰ੍ਹਾਂ ਦੇ ਰੋਸ ਮੁਜ਼ਾਹਰੇ ਪੂਰੇ ਸੂਬੇ ਵਿਚ ਕੀਤੇ ਗਏ। ਅਲਾਹਾਬਾਦ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ‘ਗ੍ਰਿਫ਼ਤਾਰ’ ਕੀਤੇ ਜਾਣ ਦੀ ਸੂਚਨਾ ਹੈ।
ਦਿੱਲੀ ਵਿਚ ਵੀ ਅੱਜ ਕਾਂਗਰਸੀ ਵਰਕਰਾਂ ਨੇ ਕਈ ਪੈਟਰੋਲ ਪੰਪਾਂ ਉਤੇ ਰੋਸ ਜ਼ਾਹਿਰ ਕੀਤਾ ਤੇ ਇਸੇ ਦੌਰਾਨ 30 ਤੋਂ ਵੱਧ ਵਰਕਰਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਤੇਲ ਕੀਮਤਾਂ ਵਿਚ ਵਾਧਾ ਪੂਰੀ ਤਰ੍ਹਾਂ ਵਾਪਸ ਲੈਣ ਦੀ ਮੰਗ ਕੀਤੀ। ਯੂਥ ਕਾਂਗਰਸ ਦੇ ਕੁਝ ਮੈਂਬਰਾਂ ਨੇ ਜਨਪਥ (ਦਿੱਲੀ) ’ਤੇ ਕਮੀਜ਼ਾਂ ਲਾਹ ਕੇ ਤੇ ਛਾਤੀਆਂ ਉਤੇ ਪੋਸਟਰ ਚਿਪਕਾ ਕੇ ਰੋਸ ਪ੍ਰਗਟਾਇਆ। ਪੁਲੀਸ ਨੇ ਕਿਹਾ ਕਿ ਕੋਵਿਡ ਦੀਆਂ ਹਦਾਇਤਾਂ ਦੀ ਉਲੰਘਣਾ ਦੇ ਦੋਸ਼ ਹੇਠ ਇਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪਾਰਟੀ ਆਗੂ ਕੇਸੀ ਵੇਨੂਗੋਪਾਲ ਤੇ ਸ਼ਕਤੀ ਸਿੰਘ ਗੋਹਿਲ ਫਿਰੋਜ਼ ਸ਼ਾਹ ਕੋਟਲਾ ਸਟੇਡੀਅਮ ਟਾਂਗੇ ਉਤੇ ਪਹੁੰਚੇ। ਵੇਨੂਗੋਪਾਲ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਉਤੇ ਐਕਸਾਈਜ਼ ਡਿਊਟੀ ਲਾਉਣੀ ਬੰਦ ਕਰਨੀ ਚਾਹੀਦੀ ਹੈ ਤੇ ਇਨ੍ਹਾਂ ਨੂੰ ਜੀਐੱਸਟੀ ਦੇ ਘੇਰੇ ਵਿਚ ਲਿਆਉਣਾ ਚਾਹੀਦਾ ਹੈ। ਕਾਂਗਰਸ ਆਗੂ ਅਜੈ ਮਾਕਨ ਤੇ ਯੂਥ ਕਾਂਗਰਸ ਪ੍ਰਧਾਨ ਸ੍ਰੀਨਿਵਾਸ ਬੀਵੀ ਵੀ ਰੋਸ ਮੁਜ਼ਾਹਰਿਆਂ ਵਿਚ ਸ਼ਾਮਲ ਸਨ।
ਇਸ ਤੋਂ ਇਲਾਵਾ ਰਾਜਸਥਾਨ ਵਿਚ ਵੀ ਕਾਂਗਰਸੀ ਵਰਕਰਾਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਰੋਸ ਦਰਜ ਕਰਾਇਆ। ਰਾਜਸਥਾਨ ਵਿਚ ਵਿਰੋਧੀ ਧਿਰ ਭਾਜਪਾ ਦੇ ਆਗੂ ਗੁਲਾਬਚੰਦ ਕਟਾਰੀਆ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਪੈਟਰੋਲ ਤੇ ਡੀਜ਼ਲ ’ਤੇ ਸਭ ਤੋਂ ਜ਼ਿਆਦਾ ਟੈਕਸ (ਵੈਟ) ਵਸੂਲ ਰਹੀ ਹੈ। ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਪੈਟਰੋਲ ਪੰਪਾਂ ਦੇ ਬਾਹਰ ਸੰਕੇਤਕ ਰੋਸ ਮੁਜ਼ਾਹਰੇ ਕੀਤੇ ਅਤੇ ਕੇਂਦਰ ਸਰਕਾਰ ਤੋਂ ਮਹਿੰਗਾਈ ਉਤੇ ਲਗਾਮ ਕੱਸਣ ਦੀ ਮੰਗ ਕੀਤੀ। ਇਸ ਮੌਕੇ ਸੂਬਾ ਕਾਂਗਰਸ ਮੁਖੀ ਗੋਵਿੰਦ ਸਿੰਘ ਡੋਟਾਸਰਾ, ਟਰਾਂਸਪੋਰਟ ਮੰਤਰੀ ਪ੍ਰਤਾਪ ਸਿੰਘ ਖਚਰੀਆਵਾਸ ਤੇ ਊਰਜਾ ਮੰਤਰੀ ਬੀਡੀ ਕੱਲਾ ਹਾਜ਼ਰ ਸਨ। ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਇਕ ਪੈਟਰੋਲ ਪੰਪ ਦੇ ਬਾਹਰ ਸਾਂਗਾਨੇਰ ਇਲਾਕੇ ਵਿਚ ਰੋਸ ਪ੍ਰਗਟਾਇਆ। ਕੇਰਲਾ ਅਤੇ ਤਾਮਿਲਨਾਡੂ ਵਿਚ ਵੀ ਕਾਂਗਰਸ ਨੇ ਪੈਟਰੋਲ ਪੰਪਾਂ ਦੇ ਅੱਗੇ ਰੋਸ ਜਤਾਇਆ। -ਪੀਟੀਆਈ
ਰਾਜਸਥਾਨ ਵਿਚ ਲੱਗੇ ‘ਮੋਦੀ ਹੈ ਤੋ ਮਹਿੰਗਾਈ ਹੈ’ ਦੇ ਨਾਅਰੇ
ਜੈਪੁਰ: ਕਾਂਗਰਸੀ ਵਰਕਰਾਂ ਨੇ ਰਾਜਸਥਾਨ ਵਿਚ ‘ਮੋਦੀ ਮਤਲਬ ਮਹਿੰਗਾਈ’ ਅਤੇ ‘ਮੋਦੀ ਹੈ ਤੋ ਮਹਿੰਗਾਈ ਹੈ’ ਦੇ ਨਾਅਰੇ ਲਾ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਕਾਂਗਰਸੀ ਆਗੂਆਂ ਨੇ ਕਿਹਾ ਕਿ ਪੈਟਰੋਲ, ਡੀਜ਼ਲ ਤੇ ਐਲਪੀਜੀ ਗੈਸ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਦਾ ਜਿਊਣਾ ਔਖਾ ਕਰ ਦਿੱਤਾ ਹੈ, ਪਰ ਕੇਂਦਰ ਸਰਕਾਰ ਨੂੰ ਕੋਈ ‘ਪ੍ਰਵਾਹ’ ਨਹੀਂ ਹੈ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਸੱਤ ਸਾਲ ਤੋਂ ਸੱਤਾ ਵਿਚ ਹੈ ਪਰ ਅਸਲ ਮੁੱਦੇ ਭੁੱਲ ਗਈ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸਰਕਾਰ ਪੈਟਰੋਲ ਤੇ ਡੀਜ਼ਲ ਉਤੇ ‘ਮੋਦੀ ਟੈਕਸ’ ਲਾ ਕੇ ਲੋਕਾਂ ਨੂੰ ਲੁੱਟ ਰਹੀ ਹੈ।
ਪੈਟਰੋਲ-ਡੀਜ਼ਲ ’ਤੇ ਲਾਏ ਟੈਕਸ ਨਾਲ ਪੂਰੇ ਦੇਸ਼ ਲਈ ਵੈਕਸੀਨ ਖ਼ਰੀਦਿਆ ਜਾ ਸਕਦਾ ਸੀ: ਪ੍ਰਿਯੰਕਾ
ਨਵੀਂ ਦਿੱਲੀ: ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਅੱਜ ਕਿਹਾ ਕਿ ਮਹਾਮਾਰੀ ਦੌਰਾਨ ਪੈਟਰੋਲ ਤੇ ਡੀਜ਼ਲ ਉਤੇ ਲਾਏ ਟੈਕਸ ਦੇ ਪੈਸੇ ਨਾਲ ਬਹੁਤ ਕੁਝ ਕੀਤਾ ਜਾ ਸਕਦਾ ਸੀ, ਸਾਰਿਆਂ ਲਈ ਵੈਕਸੀਨ ਖ਼ਰੀਦਿਆ ਜਾ ਸਕਦਾ ਸੀ ਪਰ ਕੁਝ ਨਹੀਂ ਕੀਤਾ ਗਿਆ। ਟਵੀਟ ਕਰਦਿਆਂ ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ‘ਮਹਾਮਾਰੀ ਦੌਰਾਨ ਮੋਦੀ ਸਰਕਾਰ ਨੇ ਪੈਟਰੋਲ-ਡੀਜ਼ਲ ਉਤੇ ਲਾਏ ਟੈਕਸ ਨਾਲ 2.74 ਲੱਖ ਕਰੋੜ ਰੁਪਏ ਕਮਾਏ ਹਨ। ਇਸ ਪੈਸੇ ਵਿਚੋਂ ਪੂਰੇ ਦੇਸ਼ ਲਈ ਵੈਕਸੀਨ ਖ਼ਰੀਦਿਆ ਜਾ ਸਕਦਾ ਸੀ, ਸੈਂਕੜੇ ਜ਼ਿਲ੍ਹਿਆਂ ਵਿਚ ਆਕਸੀਜਨ ਪਲਾਂਟ ਲੱਗ ਸਕਦੇ ਸਨ, ਗਰੀਬਾਂ ਦੀ ਮਦਦ ਕੀਤੀ ਜਾ ਸਕਦੀ ਸੀ ਤੇ ਏਮਸ ਬਣਾਏ ਜਾ ਸਕਦੇ ਸਨ। ਪਰ ਕੁਝ ਨਹੀਂ ਕੀਤਾ ਗਿਆ।’