ਵਾਸ਼ਿੰਗਟਨ: ਅਮਰੀਕਾ ਨੇ ਯੂਏਈ ਰਹਿੰਦੇ ਇਕ ਭਾਰਤੀ ਨਾਗਰਿਕ ’ਤੇ ਤਸਕਰੀ ਦੇ ਨੈੱਟਵਰਕ ਨੂੰ ਸਹਾਇਤਾ ਦੇਣ ਕਾਰਨ ਆਰਥਿਕ ਪਾਬੰਦੀਆਂ ਲਾਈਆਂ ਹਨ। ਅਮਰੀਕਾ ਮੁਤਾਬਕ ਤਸਕਰੀ ਦਾ ਇਹ ਢਾਂਚਾ ਇਰਾਨ ਦੇ ਰੈਵੋਲਿਊਸ਼ਨਰੀ ਗਾਰਡ ਨਾਲ ਤਾਲਮੇਲ ਕਰ ਰਿਹਾ ਹੈ ਤੇ ਯਮਨ ਦੇ ਬਾਗ਼ੀਆਂ ਨੂੰ ਗੈਰਕਾਨੂੰਨੀ ਢੰਗ ਨਾਲ ਲੱਖਾਂ ਡਾਲਰਾਂ ਦੀ ਮਦਦ ਪਹੁੰਚ ਰਹੀ ਹੈ। ਮਨੋਜ ਸੱਭਰਵਾਲ ਤਸਕਰਾਂ ਦੇ ਇਸ ਨੈੱਟਵਰਕ ਦਾ ਹਿੱਸਾ ਸੀ। ਇਰਾਨ ਵਿਚੋਂ ਹੂਤੀ ਬਾਗ਼ੀਆਂ ਨੂੰ ਮਦਦ ਦੇ ਰਹੇ ਗਰੁੱਪ ਦੀ ਅਗਵਾਈ ਸੈਦ ਅਲ-ਜਮਾਲ ਕਰ ਰਿਹਾ ਸੀ। ਅਮਰੀਕਾ ਦਾ ਦੋਸ਼ ਹੈ ਕਿ ਇਹ ਨੈੱਟਵਰਕ ਕਈ ਵਸਤਾਂ ਤੇ ਤੇਲ ਵਗੈਰਾ ਵੇਚ ਕੇ ਲੱਖਾਂ ਡਾਲਰ ਇਕੱਠੇ ਕਰ ਰਿਹਾ ਹੈ ਤੇ ਵੱਡੀ ਰਾਸ਼ੀ ਕਈ ਵਿਚੋਲਿਆਂ ਰਾਹੀਂ ਗੁੰਝਲਦਾਰ ਤਰੀਕੇ ਨਾਲ ਵੱਖ-ਵੱਖ ਮੁਲਕਾਂ ਰਾਹੀਂ ਹੂਤੀ ਬਾਗ਼ੀਆਂ ਨੂੰ ਯਮਨ ਵਿਚ ਪਹੁੰਚਾਈ ਜਾ ਰਹੀ ਹੈ। ਸੱਭਰਵਾਲ ਸਮੁੰਦਰੀ ਵਪਾਰ ਦੇ ਖੇਤਰ ਨਾਲ ਜੁੜਿਆ ਹੋਇਆ ਹੈ, ਜਮਾਲ ਦੇ ਲਈ ਕੰਮ ਕਰਦਾ ਹੈ। ਉਹ ਅਲ-ਜਮਾਲ ਨੂੰ ਇਰਾਨੀ ਤੇਲ ਪਦਾਰਥਾਂ ਦੀ ਤਸਕਰੀ ਬਾਰੇ ਸਲਾਹ ਦਿੰਦਾ ਰਿਹਾ ਹੈ। -ਪੀਟੀਆਈ