ਨਵੀਂ ਦਿੱਲੀ: ਸ੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦੀ ਅਗਵਾਈ ਦੀ ਜ਼ਿੰਮਵੇਰੀ ਦਿੱਤੇ ਜਾਣ ਮਗਰੋਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਕਿਹਾ ਕਿ ਭਾਰਤ ਲਈ ਕਪਤਾਨੀ ਕਰਨੀ ਉਸ ਲਈ ਸਨਮਾਨ ਵਾਲੀ ਗੱਲ ਹੈ। ਭਾਰਤੀ ਟੀਮ ਸ੍ਰੀਲੰਕਾ ਦੌਰੇ ’ਤੇ 13 ਜੁਲਾਈ ਤੋਂ ਤਿੰਨ ਇੱਕ-ਰੋਜ਼ਾ ਅਤੇ ਤਿੰਨ ਹੀ ਟੀ-20 ਮੁਕਾਬਲੇ ਖੇਡੇਗੀ। ਮੁੱਖ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਅਤੇ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੁਕਾਬਲਿਆਂ ਲਈ ਬਰਤਾਨੀਆ ਵਿੱਚ ਹੋਵੇਗੀ। ਇਸ ਕਰਕੇ ਚੋਣ ਕਮੇਟੀ ਨੇ ਵੀਰਵਾਰ ਨੂੰ ਸ੍ਰੀਲੰਕਾ ਲੜੀ ਲਈ ਕਈ ਨਵੇਂ ਚਿਹਰਿਆਂ ਨੂੰ ਚੁਣਿਆ, ਜਿਨ੍ਹਾਂ ਦੀ ਅਗਵਾਈ ਸ਼ਿਖਰ ਧਵਨ ਨੂੰ ਦਿੱਤੀ ਗਈ। ਇਸ ਬਾਰੇ ਧਵਨ ਨੇ ਟਵੀਟ ਕੀਤਾ, ‘‘ਦੇਸ਼ ਦੀ ਅਗਵਾਈ ਦਾ ਮੌਕਾ ਦਿੱਤੇ ਜਾਣ ’ਤੇ ਚੰਗਾ ਮਹਿਸੂਸ ਹੋ ਰਿਹਾ ਹੈ। ਤੁਹਾਡੇ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ।’’ -ਪੀਟੀਆਈ