ਗੁਰਮੀਤ ਸਿੰਘ*
ਪੰਜਾਬ ਵਿਚ ਹਰ ਸਾਲ ਸਰਦੀਆਂ ਦੇ ਮੌਸਮ ਵਿਚ ਸੀਂਖਪਰ ਮੁਰਗਾਬੀ ਪਰਵਾਸ ਕਰਦੀ ਹੈ। ਇਸ ਨੂੰ ਅੰਗਰੇਜ਼ੀ ਵਿਚ ਨੌਰਦਰਨ ਪਿਨਟੇਲ (Northern Pintail) ਅਤੇ ਹਿੰਦੀ ਵਿਚ ਸੀਂਖਪਰ ਬੱਤਖ ਕਹਿੰਦੇ ਹਨ। ਸੀਂਖਪਰ ਉੱਤਰੀ ਅਮਰੀਕਾ, ਯੂਰੋਪ ਅਤੇ ਏਸ਼ੀਆ ਵਿਚ ਫੈਲਿਆ ਹੋਇਆ ਹੈ। ਇਸ ਪੰਛੀ ਦੀ ਗਿਣਤੀ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਚੰਗੀ ਹੈ।
ਇਸ ਦੇ ਨਰ ਦਾ ਸਿਰ ਚਾਕਲੇਟ-ਭੂਰਾ ਅਤੇ ਛਾਤੀ ਚਿੱਟੀ ਹੁੰਦੀ ਹੈ ਜਿਸ ਦੀ ਚਿੱਟੀ ਧਾਰੀ ਗਰਦਨ ਦੇ ਪਾਸੇ ਫੈਲੀ ਹੋਈ ਹੁੰਦੀ ਹੈ। ਇਸ ਦੀ ਧੌਣ ਬਾਕੀ ਮੁਰਗਾਬੀਆਂ ਨਾਲੋਂ ਲੰਬੀ ਹੁੰਦੀ ਹੈ। ਇਸ ਦੇ ਉਡਾਰੂ ਖੰਭ ਬਦਲਈ ਭੂਰੇ ਰੰਗ ਦੇ ਹੁੰਦੇ ਹਨ। ਇਸ ਦੇ ਲੱਕ ’ਤੇ ਖੰਭ ਕਾਲੇ ਦਿਸਦੇ ਹਨ, ਪਰ ਸਿਰਿਆਂ ਤੋਂ ਬਦਾਮੀ ਦਿਖਦੇ ਹਨ। ਇਸ ਦੀ ਮਾਦਾ ਮੁੱਖ ਤੌਰ ’ਤੇ ਹਲਕੀ ਭੂਰੀ, ਚਿਤਰ-ਮਿਤਰੀ ਰੰਗ ਦੀ ਹੁੰਦੀ ਹੈ, ਪਰ ਇਸ ਦੀ ਅੱਖ ਉੱਪਰ ਨਰ ਸੀਂਖਪਰ ਦੀ ਤਰ੍ਹਾਂ ਚਿੱਟੀ ਲੀਕ ਨਹੀਂ ਹੁੰਦੀ। ਮਾਦਾ ਦੀ ਨੁਕੀਲੀ ਪੂਛ ਹਲਕੇ ਭੂਰੇ ਰੰਗ ਵਿਚ ਨਰ ਨਾਲੋਂ ਛੋਟੀ ਹੁੰਦੀ ਹੈ। ਸੀਂਖਪਰ ਮੁਰਗਾਬੀ ਦੀ ਸ਼ਕਲ, ਲੰਬੀ ਗਰਦਨ ਅਤੇ ਲੰਬੀ ਸਲੇਟੀ ਚੂੰਝ ਕਰਕੇ ਆਸਾਨੀ ਨਾਲ ਪਛਾਣੀ ਜਾ ਸਕਦੀ ਹੈ। ਇਹ ਮੁਰਗਾਬੀ ਜ਼ਮੀਨ ’ਤੇ ਚੰਗੀ ਤਰ੍ਹਾਂ ਚੱਲਦੀ ਹੈ ਅਤੇ ਪਾਣੀ ਵਿਚ ਤੈਰਦੀ ਹੈ। ਇਸ ਦੀ ਪਾਣੀ ਵਿਚ ਤੈਰਾਕੀ ਦੀ ਮੁਦਰਾ ਵਿਚ ਗਰਦਨ ਅੱਗੇ ਨੂੰ ਝੁਕੀ ਹੋਈ ਵੇਖਣ ਨੂੰ ਮਿਲਦੀ ਹੈ। ਸੀਂਖਪਰ ਮੁਰਗਾਬੀਆਂ ਉਡਾਣ ਵਿਚ ਵੀ ਬਹੁਤ ਤੇਜ਼ ਹੁੰਦੀਆਂ ਹਨ। ਇਹ ਪ੍ਰਜਣਨ ਦੇ ਮੌਸਮ ਤੋਂ ਬਾਅਦ ਵੱਡੀ ਗਿਣਤੀ ਵਿਚ ਪਰਵਾਸ ਲਈ ਚਲੇ ਜਾਂਦੀਆਂ ਹਨ ਅਤੇ ਹੋਰ ਬੱਤਖਾਂ ਨਾਲ ਰਲ਼ ਕੇ ਬਹੁਤ ਵੱਡੇ ਮਿਸ਼ਰਤ ਝੁੰਡ ਬਣਾਉਂਦੀਆਂ ਹਨ।
ਸੀਂਖਪਰ ਮੁਰਗਾਬੀ ਮੁੱਖ ਤੌਰ ’ਤੇ ਸ਼ਾਮ ਜਾਂ ਰਾਤ ਨੂੰ ਪੌਦਿਆਂ ਦਾ ਭੋਜਨ ਪ੍ਰਾਪਤ ਕਰਨ ਲਈ ਪਾਣੀ ਵਿਚ ਡੁਬਕੀ ਮਾਰ ਕੇ ਆਪਣੀ ਖੁਰਾਕ ਉੱਪਰ ਲਿਆਉਂਦੀ ਹੈ ਅਤੇ ਦਿਨ ਦਾ ਜ਼ਿਆਦਾਤਰ ਸਮਾਂ ਆਰਾਮ ਕਰਨ ਵਿਚ ਬਿਤਾਉਂਦੀ ਹੈ। ਇਸ ਦੀ ਲੰਬੀ ਗਰਦਨ ਇਸ ਨੂੰ 30 ਸੈਂਟੀਮੀਟਰ (12 ਇੰਚ) ਡੂੰਘੇ ਪਾਣੀ ਦੇ ਤਲ ਤੋਂ ਖਾਣ-ਪੀਣ ਦੀਆਂ ਚੀਜ਼ਾਂ ਲੈਣ ਦੇ ਯੋਗ ਬਣਾਉਂਦੀ ਹੈ। ਸਰਦੀਆਂ ਦੀ ਖੁਰਾਕ ਮੁੱਖ ਤੌਰ ’ਤੇ ਪੌਦੇ ਜਿਸ ਵਿਚ ਬੀਜ ਅਤੇ ਜਲ-ਬੂਟੇ ਦੇ ਰਾਈਜ਼ੋਮ ਸ਼ਾਮਲ ਹੁੰਦੇ ਹਨ, ਪਰ ਸੀਂਖਪਰ ਕਈ ਵਾਰ ਖੇਤਾਂ ਵਿਚ ਜੜ੍ਹਾਂ, ਅਨਾਜ ਅਤੇ ਹੋਰ ਬੀਜਾਂ ਨੂੰ ਵੀ ਖਾਂਦੀ ਹੈ। ਆਪਣੇ ਪ੍ਰਜਣਨ ਕਾਲ ਦੌਰਾਨ ਇਹ ਪੰਛੀ ਮੁੱਖ ਤੌਰ ’ਤੇ ਕੀੜੇ-ਮਕੌੜਿਆਂ ਨੂੰ ਖਾਂਦਾ ਹੈ ਜਿਸ ਵਿਚ ਜਲ-ਕੀੜੇ-ਮਕੌੜੇ ਸ਼ਾਮਲ ਹੁੰਦੇ ਹਨ।
ਇਸ ਦੇ ਨਰ ਮਾਦਾ ਦੋਵੇਂ ਇਕ ਸਾਲ ਦੀ ਉਮਰ ਵਿਚ ਜਿਨਸੀ ਪਰਿਪੱਕਤਾ ਤਕ ਪਹੁੰਚ ਜਾਂਦੇ ਹਨ। ਇਹ ਮੁਰਗਾਬੀਆਂ ਪੋਲੈਂਡ, ਮੰਗੋਲੀਆ, ਕੈਨੇਡਾ, ਅਲਾਸਕਾ ਅਤੇ ਮਿਡਵੈਸਟਰਨ ਸੰਯੁਕਤ ਰਾਜ ਅਮਰੀਕਾ ਵਿਚ ਜਾ ਕੇ ਆਪਣੀ ਪ੍ਰਜਣਨ ਪ੍ਰਕਿਰਿਆ ਕਰਦੀਆਂ ਹਨ। ਮੁੱਖ ਤੌਰ ’ਤੇ ਸਰਦੀਆਂ ਵਿਚ ਇਸ ਦੀ ਪ੍ਰਜਨਣ ਰੇਂਜ ਦੱਖਣ ਵਿਚ ਪਨਾਮਾ, ਉੱਤਰੀ ਉਪ-ਸਹਾਰਾ ਅਫ਼ਰੀਕਾ ਅਤੇ ਤਪਤ-ਖੰਡੀ ਦੱਖਣੀ ਏਸ਼ੀਆ ਵਿਚ ਲਗਭਗ ਭੂ-ਮੱਧ ਰੇਖਾ ਤਕ ਪਹੁੰਚਦੀ ਹੈ। ਛੋਟੇ ਛੋਟੇ ਸਮੂਹ ਪ੍ਰਸ਼ਾਂਤ ਟਾਪੂਆਂ, ਖ਼ਾਸ ਕਰਕੇ ਹਵਾਈ ਵੱਲ ਪਰਵਾਸ ਕਰਦੇ ਹਨ, ਜਿੱਥੇ ਸਰਦੀਆਂ ਵਿਚ ਮੁੱਖ ਟਾਪੂਆਂ ’ਤੇ ਕੁਝ ਪੰਛੀ ਉੱਚੀਆਂ ਨੀਵੀਆਂ ਜ਼ਮੀਨਾਂ ਅਤੇ ਹੜ੍ਹਾਂ ਵਾਲੇ ਖੇਤੀਬਾੜੀ ਸਥਾਨਾਂ ਵਿਚ ਆਉਂਦੇ ਹਨ। ਕਈ ਦੇਸ਼ਾਂ ਵਿਚ ਸੀਂਖਪਰ ਮੁਰਗਾਬੀਆਂ ਦਾ ਸ਼ਿਕਾਰ ਕੀਤਾ ਜਾਂਦਾ ਹੈ, ਪਰ ਸਾਡੇ ਦੇਸ਼ ਵਿਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੋਣ ਕਰਕੇ ਸ਼ਿਕਾਰ ਕਰਨ ’ਤੇ ਸਖ਼ਤ ਪਾਬੰਦੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910