ਰਵੇਲ ਸਿੰਘ ਭਿੰਡਰ
ਪਟਿਆਲਾ, 11 ਜੂਨ
ਪੰਜਾਬ ਵਿੱਚ ਬੀਤੀ ਰਾਤ ਆਏ ਝੱਖੜ ਕਾਰਨ ਜਿੱਥੇ ਪਾਵਰਕੌਮ ਦਾ ਕਰੀਬ ਸਾਢੇ ਅੱਠ ਕਰੋੜ ਦਾ ਨੁਕਸਾਨ ਹੋਇਆ ਹੈ ਉਥੇ ਸੂਬੇ ਦੇ ਵੱਡੇ ਖੇਤਰ ’ਚ ਬਿਜਲੀ ਸਪਲਾਈ ਬੰਦ ਹੋਣ ਕਰਕੇ ਬਲੈਕ ਆਊਟ ਵਰਗੀ ਸਥਿਤੀ ਬਣੀ ਰਹੀ। ਕਈ ਖਿਤਿਆਂ ਵਿੱਚ ਹਾਲੇ ਵੀ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ। ਇਸੇ ਤਰ੍ਹਾਂ ਝੋਨੇ ਦੀ ਲੁਆਈ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਇਸ ਝੱਖੜ ਦਾ ਕੇਂਦਰ ਬਿੰਦੂ ਸੀ। ਪਟਿਆਲਾ ਜ਼ਿਲ੍ਹੇ ਵਿੱਚ ਹੀ 3,100 ਖੰਭੇ ਨੁਕਸਾਨੇ ਗਏ। ਉਂਜ ਪੰਜਾਬ ਭਰ ਵਿੱਚ 950 ਦੇ ਕਰੀਬ ਟਰਾਂਸਫਾਰਮਰ ਅਤੇ 5,200 ਖੰਭਿਆਂ ਦਾ ਨੁਕਸਾਨ ਹੋਇਆ। ਅੰਤਰ ਰਾਜੀ ਸਪਲਾਈ ਲਾਈਨਾਂ ਵੀ ਪ੍ਰਭਾਵਿਤ ਹੋਈਆਂ। ਅਜਿਹੇ ਹਾਲਾਤ ਮਗਰੋਂ ਸੈਂਕੜੇ ਫੀਡਰਾਂ ਤੋਂ ਬਿਜਲੀ ਸਪਲਾਈ ਠੱਪ ਹੋ ਗਈ, ਜਿਹੜੀ ਹੁਣ ਪੜਾਅਵਾਰ ਸ਼ੁਰੂ ਹੋ ਰਹੀ ਹੈ। ਵੱਡੇ ਖ਼ਿੱਤੇ ’ਚ ਬੀਤੀ ਰਾਤ ਲੋਕਾਂ ਨੂੰ ਬਿਜਲੀ ਦੇ ਬਿਨਾਂ ਹੀ ਰਾਤ ਕੱਢਣੀ ਪਈ। ਝੱਖੜ ਦੀ ਮਾਰ ਕਾਰਨ ਬਿਜਲੀ ਸਿਸਟਮ ਇੰਨਾ ਲੜਖੜਾ ਗਿਆ ਕਿ ਬਿਜਲੀ ਦੀ ਮੰਗ ਇੱਕ ਦਮ ਛੇ-ਸੱਤ ਹਜ਼ਾਰ ਮੈਗਾਵਾਟ ਹੇਠਾਂ ਡਿੱਗ ਗਈ ਸੀ। ਬਿਜਲੀ ਸਪਲਾਈ ਠੱਪ ਹੋਣ ਮਗਰੋਂ ਪਾਵਰਕੌਮ ਕੋਲ ਇੱਕ ਲੱਖ ਤੋਂ ਵੱਧ ਸ਼ਿਕਾਇਤਾਂ ਪੁੱਜੀਆਂ ਹਨ। ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਸ਼ਹਿਰ ਅਤੇ ਨੇੜਲਿਆਂ ਇਲਾਕਿਆਂ ਵਿੱਚ ਅੱਜ ਦੇਰ ਸ਼ਾਮ ਤੱਕ ਵੀ ਬਿਜਲੀ ਬਹਾਲ ਨਹੀ ਹੋ ਸਕੀ। ਜਾਣਕਾਰੀ ਅਨੁਸਾਰ ਬੀਤੀ ਰਾਤ ਝੱਖੜ ਦਾ ਅਸਰ ਪਟਿਆਲਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ, ਮੋਗਾ, ਲੁਧਿਆਣਾ, ਸੰਗਰੂਰ ਤੇ ਰੋਪੜ ਵਿੱਚ ਵੱਧ ਰਿਹਾ।
10-15 ਫੀਸਦੀ ਬਿਜਲੀ ਸਪਲਾਈ ਹਾਲੇ ਵੀ ਠੱਪ
ਪਾਵਰਕੌਮ ਦੇ ਡਾਇਰੈਕਟਰ ਇੰਜ. ਡੀਆਈਪੀ ਸਿੰਘ ਗਰੇਵਾਲ ਮੁਤਾਬਕ ਪਾਵਰਕੌਮ ਹਾਲੇ ਨੁਕਸਾਨ ਦਾ ਜਾਇਜ਼ਾ ਲੈ ਰਿਹਾ ਹੈ। ਮੁੱਢਲੇ ਅਨੁਮਾਨਾਂ ਮੁਤਾਬਕ ਸਾਢੇ ਅੱਠ ਕਰੋੜ ਦੇ ਕਰੀਬ ਨੁਕਸਾਨ ਹੋਇਆ ਜਾਪ ਰਿਹਾ ਹੈ। ਝੱਖੜ ਦਾ ਵਧੇਰੇ ਅਸਰ ਪਟਿਆਲਾ ਜ਼ਿਲ੍ਹੇ ’ਚ ਵੇਖਿਆ ਗਿਆ। ਇਥੇ ਸਭ ਤੋਂ ਵੱਧ ਖੰਭੇ ਟੁੱਟੇ ਹਨ। ਉਨ੍ਹਾਂ ਦੱਸਿਆ ਕਿ ਅਜਿਹੀ ਬਿਪਤਾ ਮਗਰੋਂ ਪਾਵਰਕੌਮ ਦੀਆਂ ਟੀਮਾਂ ਬਿਜਲੀ ਸਪਲਾਈ ਦੀ ਬਹਾਲੀ ਲਈ ਲੰਘੀ ਰਾਤ ਤੋਂ ਹੀ ਜੁਟੀਆਂ ਹੋਈਆਂ ਹਨ ਤੇ ਉਮੀਦ ਹੈ ਕਿ ਭਲਕੇ ਤੱਕ ਸਪਲਾਈ ਬਹਾਲ ਹੋ ਜਾਵੇਗੀ। ਉਨ੍ਹਾਂ ਮੁਤਾਬਕ ਸੂਬੇ ਵਿੱਚ 10 ਤੋਂ 15 ਫੀਸਦੀ ਸਪਲਾਈ ਹਾਲੇ ਵੀ ਠੱਪ ਹੈ।