ਪੱਤਰ ਪ੍ਰੇਰਕ
ਮਾਨਸਾ, 11 ਜੂਨ
ਮਾਲਵਾ ਖੇਤਰ ਵਿੱਚ ਝੋਨੇ ਦੀ ਲਵਾਈ ਵਿੱਚ ਤੇਜ਼ੀ ਆ ਗਈ ਹੈ। ਉਧਰ, ਝੋਨੇ ਦੀ ਲਵਾਈ ਲਈ ਪਰਵਾਸੀ ਮਜ਼ਦੂਰਾਂ ਦੀ ਘਾਟ ਰੜਕਣ ਲੱਗੀ ਹੈ। ਕਰੋਨਾ ਮਹਾਂਮਾਰੀ ਕਾਰਨ ਕਿਸਾਨਾਂ ਨੇ ਪਵਾਸੀ ਮਜ਼ਦੂਰਾਂ ਦੇ ਘੱਟ ਗਿਣਤੀ ’ਚ ਪੁੱਜਣ ਨੂੰ ਲੈ ਕੇ ਅੱਜ ਪਿੰਡਾਂ ਦੀ ਦੇਸੀ ਲੇਬਰ ਤੋਂ ਝੋਨਾ ਲਵਾਉਣ ਦਾ ਜੁਗਾੜ ਕੀਤਾ। ਭਾਵੇਂ ਪਿੰਡਾਂ ਦੇ ਮਜ਼ਦੂਰ ਤੇ ਔਰਤਾਂ ਝੋਨਾ ਲਾਉਣ ਲੱਗ ਪਈਆਂ ਹਨ, ਪਰ ਫਿਰ ਵੀ ਦੱਖਣੀ ਪੰਜਾਬ ਦੇ ਇਸ ਖੇਤਰ ਦਾ ਕਿਸਾਨ ਪਰਵਾਸੀ ਮਜ਼ਦੂਰਾਂ ਹੱਥੋਂ ਲੱਗੇ ਝੋਨੇ ਨੂੰ ਪਹਿਲ ਦਿੰਦੇ ਹਨ। ਇਸ ਖੇਤਰ ਵਿੱਚ ਬਹੁਤ ਸਾਰੇ ਕਿਸਾਨ ਇਧਰੋਂ ਪ੍ਰਾਈਵੇਟ ਬੱਸਾਂ ਨੂੰ ਲਿਜਾ ਕੇ ਅਜਿਹੇ ਪਰਵਾਸੀ ਕਾਮਿਆਂ ਨੂੰ ਲਿਆਉਣ ਵੀ ਲੱਗੇ ਹਨ ਤੇ ਬੱਸਾਂ ਵਾਲੇ ਕਿਸਾਨਾਂ ਦੀ ਮਜ਼ਬੂਰੀ ਦਾ ਲਾਹਾ ਲੈ ਕੇ ਅਜਿਹੇ ਕਾਮਿਆਂ ਨੂੰ ਲਿਆਉਣ ਲਈ ਭਾਰੀ ਗਿਣਤੀ ਵਿੱਚ ਰੇਟ ਵਸੂਲਣ ਲੱਗੇ ਹਨ। ਬੇਸ਼ੱਕ ਦੱਖਣੀ ਪੰਜਾਬ ’ਚ ਇਹ ਪਰਵਾਸੀ ਮਜ਼ਦੂਰ ਲੰਬੇ ਸਮੇਂ ਤੋਂ ਝੋਨਾ ਲਾਉਣ ਦਾ ਕੰਮ ਕਰਨ ਲਈ ਆ ਰਹੇ ਹਨ, ਪਰ ਦੇਸ਼ ਭਰ ’ਚ ਕਰੋਨਾ ਕਾਰਨ ਪਰਵਾਸੀ ਮਜ਼ਦੂਰਾਂ ਦੀ ਪੰਜਾਬ ’ਚ ਆਮਦ ਕਾਫ਼ੀ ਘਟ ਹੈ, ਜਿਸ ਕਰਕੇ ਇਹ ਮਜ਼ਦੂਰ ਪਹਿਲਾਂ ਦੇ ਮੁਕਾਬਲੇ ਘੱਟ ਆਉਣ ਲੱਗੇ ਹਨ। ਮਜ਼ਦੂਰਾਂ ਦੀ ਇਸ ਘਾਟ ਨੇ ਕਿਸਾਨਾਂ ਲਈ ਝੋਨੇ ਦੀ ਲੇਬਰ ਵਾਲੀ ਤਕਲੀਫ਼ ਪੈਦਾ ਕਰ ਦਿੱਤੀ ਹੈ।
ਮਾਲਵਾ ਪੱਟੀ ’ਚ ਬੇਸ਼ੱਕ ਪੇਂਡੂ ਮਜ਼ਦੂਰ ਵੀ ਅੱਜ ਕੱਲ੍ਹ ਝੋਨਾ ਲਾਉਣ ਲੱਗੇ ਹਨ, ਪਰ ਇਨ੍ਹਾਂ ਮਜ਼ਦੂਰਾਂ ਦੀ ਝੋਨਾ ਲਾਉਣ ਦੀ ਰਫ਼ਤਾਰ ਤੇ ਝੋਨੇ ਦੀ ਲਵਾਈ ਕਿਸਾਨਾਂ ਨੂੰ ਪੂਰੀ ਤਰ੍ਹਾਂ ਫਿੱਟ ਨਹੀਂ ਬੈਠ ਰਹੀ, ਜਿਸ ਕਰਕੇ ਕਿਸਾਨ ਪਨੀਰੀ ਪੁੱਟ ਕੇ ਖੇਤਾਂ ’ਚ ਗੱਡਣ ਦਾ ਕਾਰਜ ਪਰਵਾਸੀ ਮਜ਼ਦੂਰਾਂ ਕੋਲੋਂ ਕਰਵਾਕੇ ਹੀ ਖੁਸ਼ ਹੁੰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਰਵਾਸੀ ਮਜ਼ਦੂਰ ਝੋਨੇ ਦੀ ਲਵਾਈ ਸਥਾਨਕ ਮਜ਼ਦੂਰਾਂ ਦੇ ਮੁਕਾਬਲੇ ਲਾਉਂਦੇ ਵੀ ਸਪੀਡ ’ਚ ਹਨ ਤੇ ਇਹ ਕਿਸਾਨ ਉਪਰ ਰੋਟੀ-ਟੁੱਕ ਦਾ ਬੋਝ ਵੀ ਨਹੀਂ ਬਣਦੇ।
ਝੋਨਾ ਲਵਾਈ ਮਹਿੰਗਾਈ ਅਨੁਸਾਰ ਤੈਅ ਹੋਵੇ: ਖੇਤ ਮਜ਼ਦੂਰ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ) ਸਿਰ ’ਤੇ ਪੈਂਦੀ ਅੱਗ ਵਰਗੀ ਸੂਰਜ ਦੀ ਤਪਸ਼ ਤੇ ਪੈਰਾਂ ਹੇਠ ਉਬਲਦੇ ਪਾਣੀ ’ਚ ਸਾਰਾ ਦਿਨ ਖੜ੍ਹੀ ਲੱਤ ਝੋਨਾ ਲਾਉਣਾ ਕਿਸੇ ਸਜ਼ਾ ਨਾਲੋਂ ਘੱਟ ਨਹੀਂ ਪਰ ਪੇਟ ਦੀ ਅੱਗ ਸ਼ਾਂਤ ਕਰਨ ਲਈ ਇਹ ਸਭ ਕੁਝ ਕਰਨਾ ਪੈਂਦਾ ਹੈ। ਪਰ ਉਸ ਵੇਲੇ ਬਹੁਤ ਦੁੱਖ ਹੁੰਦਾ ਹੈ ਜਦੋਂ ਇੰਨੀ ਮੁਸ਼ੱਕਤ ਤੋਂ ਬਾਅਦ ਵੀ ਝੋਨਾ ਮਜ਼ਦੂਰਾਂ ਨੂੰ ਬਣਦੀ ਮਜ਼ਦੂਰੀ ਨਹੀਂ ਮਿਲਦੀ। ਇਸ ਲਈ ਸਰਕਾਰ ਨੂੰ ਝੋਨੇ ਦੀ ਲਵਾਈ ਦਾ ਭਾਅ ਵੀ ਵਧ ਦਰ ਨਾਲ ਤੈਅ ਕਰਨਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਕਾ ਸਿੰਘ ਖੁੰਡੇ ਹਲਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਕਰੀਬ ਪੰਜ ਵਰ੍ਹੇ ਪਹਿਲਾਂ ਵੀ ਝੋਨੇ ਦੀ ਇਕ ਕਿੱਲਾ ਲਵਾਈ ਦੀ ਮਜ਼ਦੁਰੀ 25 ਸੌ ਰੁਪਏ ਪ੍ਰਤੀ ਕਿੱਲਾ ਦੇ ਕਰੀਬ ਸੀ ਤੇ ਹੁਣ ਵੀ ਇਹੀ ਹੈ ਜਦੋਂਕਿ ਮਹਿੰਗਾਈ ਕਈ ਗੁਣਾ ਵਧ ਗਈ ਹੈ। ਖੰਡ, ਦੁੱਧ, ਚਾਹ ਪੱਤੀ, ਸਰੋਂ ਦਾ ਤੇਲ ਹੋਰ ਚੁੱਲ੍ਹੇ ਚੌਕੇ ਦੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਚ ਬੇਸ਼ੁਮਾਰ ਵਾਧਾ ਹੋ ਗਿਆ ਹੈ। ਦੂਜੇ, ਪਾਸੇ ਖੇਤ ਮਜ਼ਦੂਰੀ ਦੇ ਕੰਮ ਵੀ ਦਿਨੋ ਦਿਨ ਘਟ ਰਹੇ ਹਨ। ਇਸ ਲਈ ਸਰਕਾਰ ਨੂੰ ਖੇਤ ਮਜ਼ਦੂਰਾਂ ਦੀ ਦਸ਼ਾ ਸਮਝਦੇ ਹੋਏ ਝੋਨੇ ਦੀ ਲਵਾਈ ਤੇ ਹੋਰ ਮਜ਼ਦੂਰੀ ਦੇ ਭਾਅ ਤੈਅ ਕਰਨੇ ਚਾਹੀਦੇ ਹਨ ਤੇ ਖਾਧ ਵਸਤਾਂ ਸਸਤੀਆਂ ਦਰਾਂ ’ਤੇ ਉਪਲਬਧ ਕਰਵਾਈਆਂ ਜਾਣ।
ਇਸ ਵਾਰ ਝੋਨੇ ਦੀ ਲਵਾਈ ਦਾ ਰੇਟ ਘਟਿਆ
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ) ਇਸ ਵਾਰ ਪਰਵਾਸੀ ਮਜ਼ਦੂਰਾਂ ਦੀ ਵੱਧ ਆਮਦ ਨੇ ਪਿੰਡਾਂ ਵਾਲੇ ਕਿਰਤੀਆਂ ਨੂੰ ਫ਼ਿਕਰ ਪਾ ਦਿੱਤਾ ਹੈ। ਝੋਨੇ ਦੀ ਲਗਵਾਈ ਦਾ ਰੇਟ ਵੀ ਘੱਟ ਰਿਹਾ ਹੈ। ਪਿਛਲੀ ਵਾਰ ਮਜ਼ਦੂਰਾਂ ਨੇ ਪੰਤਾਲੀ ਸੌ ਰੁਪਏ ਪ੍ਰਤੀ ਏਕੜ ਦੇ ਝੋਨਾ ਲਵਾਈ ਦੇ ਲਏ ਸਨ। ਇਸ ਵਾਰ ਚਾਰ ਹਜ਼ਾਰ, ਬਿਆਲੀ ਸੌ ਰੁਪਏ ਤੋਂ ਸ਼ੁਰੂ ਹੋਇਆ ਰੇਟ ਵੀ ਡਿੱਗ ਰਿਹਾ ਹੈ। ਕਿਰਤੀ ਲੋਕ ਆਪਣੇ ਛੋਟੇ ਬੱਚਿਆਂ, ਔਰਤਾਂ, ਪੜ੍ਹਦੀਆਂ ਲੜਕੀਆਂ ਤੇ ਪਰਿਵਾਰ ਰਲ ਕੇ ਝੋਨਾ ਲਗਾ ਰਹੇ ਹਨ। ਵੱਖ ਵੱਖ ਥਾਈਂ ਝੋਨਾ ਲਾ ਰਹੇ ਕਿਰਤੀਆਂ ਨੇ ਦੱਸਿਆ ਕਿ ਮਹਿੰਗਾਈ ਵਧ ਰਹੀ ਹੈ ਲਵਾਈ ਦੇ ਰੇਟ ਘਟ ਰਹੇ ਹਨ। ਉੁਨ੍ਹਾਂ ਕਿਹਾ ਕਿ ਜ਼ਮੀਨਾਂ ਦੇ ਠੇਕੇ ਮਾਮਲੇ ਹਰ ਸਾਲ ਵਧਦੇ ਹਨ। ਇਸ ਵਾਰ ਸੱਠ ਹਜ਼ਾਰ ਤੱਕ ਮਾਮਲਾ ਪੁੱਜ ਗਿਆ ਹੈ।