ਨਵੀਂ ਦਿੱਲੀ, 11 ਜੂਨ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਆਦਿੱਤਿਆਨਾਥ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਰਿਹਾਇਸ਼ ਉਤੇ ਮਿਲੇ। ਇਸ ਤੋਂ ਇਕ ਦਿਨ ਪਹਿਲਾਂ ਯੋਗੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਦਫ਼ਤਰ ਨੇ ਮੁਲਾਕਾਤ ਦੀ ਇਕ ਫੋਟੋ ਟਵੀਟ ਕੀਤੀ ਹੈ। ਇਸ ਤੋਂ ਬਾਅਦ ਯੋਗੀ ਭਾਜਪਾ ਪ੍ਰਧਾਨ ਜੇਪੀ ਨੱਢਾ ਨੂੰ ਵੀ ਮਿਲੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੋ ਦਿਨਾਂ ਲਈ ਕੌਮੀ ਰਾਜਧਾਨੀ ਦੇ ਦੌਰੇ ’ਤੇ ਹਨ। ਇਸ ਦੌਰਾਨ ਉਨ੍ਹਾਂ ਭਾਜਪਾ ਦੇ ਚੋਟੀ ਦੇ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਹਨ। ਇਸ ਤੋਂ ਪਹਿਲਾਂ ਪਾਰਟੀ ਅਹੁਦੇਦਾਰ ਲਖਨਊ ਵਿਚ ਸੂਬਾਈ ਆਗੂਆਂ ਤੇ ਮੰਤਰੀਆਂ ਨਾਲ ਲੜੀਵਾਰ ਕਈ ਬੈਠਕਾਂ ਕਰ ਚੁੱਕੇ ਹਨ ਤੇ ਰਾਜ ਦੀ ਕੈਬਨਿਟ ਵਿਚ ਫੇਰਬਦਲ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਭਾਜਪਾ ਦੇ ਜਥੇਬੰਦਕ ਜਨਰਲ ਸਕੱਤਰ ਬੀਐੱਲ ਸੰਤੋਸ਼ ਤੇ ਸੀਨੀਅਰ ਆਗੂ ਰਾਧਾ ਮੋਹਨ ਸਿੰਘ ਨੇ ਸੂਬੇ ਦਾ ਦੌਰਾ ਕਰ ਕੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਹੈ। ਸ਼ਾਹ ਨਾਲ ਮੁਲਾਕਾਤ ਦੌਰਾਨ ਯੋਗੀ ਨੇ ਉਨ੍ਹਾਂ ਨੂੰ ਰਿਪੋਰਟ ‘ਪ੍ਰਵਾਸੀ ਮਜ਼ਦੂਰਾਂ ਦੇ ਸੰਕਟ ਦਾ ਹੱਲ’ ਸੌਂਪੀ ਸੀ। ਜਿਤਿਨ ਪ੍ਰਸਾਦ ਵੱਲੋਂ ਭਾਜਪਾ ਵਿਚ ਸ਼ਾਮਲ ਹੋਣ ਤੋਂ ਇਕ ਦਿਨ ਬਾਅਦ ਹੀ ਯੋਗੀ ਦਿੱਲੀ ਪਹੁੰਚ ਗਏ ਸਨ। ਆਦਿੱਤਿਆਨਾਥ ਨੇ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਪ੍ਰਸਾਦ ਨਾਲ ਵੀ ਮੁਲਾਕਾਤ ਕੀਤੀ। -ਪੀਟੀਆਈ
ਵਿਸਤਾਰ ਹੋਣ ’ਤੇ ਯੂਪੀ ਕੈਬਨਿਟ ’ਚ ਜਿਤਿਨ ਨੂੰ ਮਿਲ ਸਕਦੀ ਹੈ ਥਾਂ
ਯੂਪੀ ਕੈਬਨਿਟ ਦੇ ਵਿਸਤਾਰ ਬਾਰੇ ਭਾਵੇਂ ਹਾਲੇ ਤੱਕ ਅਧਿਕਾਰਤ ਤੌਰ ਉਤੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਜਿਤਿਨ ਪ੍ਰਸਾਦ ਜੋ ਕਿ ਉੱਤਰ ਪ੍ਰਦੇਸ਼ ਦੇ ਇਕ ਮੰਨੇ-ਪ੍ਰਮੰਨੇ ਬ੍ਰਾਹਮਣ ਪਰਿਵਾਰ ਨਾਲ ਸਬੰਧਤ ਹਨ ਤੇ ਸਿਆਸੀ ਪੱਖ ਤੋਂ ਵੀ ਮਹੱਤਵਪੂਰਨ ਹਨ, ਨੂੰ ਕੈਬਨਿਟ ਵਿਚ ਥਾਂ ਦਿੱਤੀ ਜਾ ਸਕਦੀ ਹੈ। ਵਿਧਾਨ ਪ੍ਰੀਸ਼ਦ ਮੈਂਬਰ ਏਕੇ ਸ਼ਰਮਾ ਨੂੰ ਵੀ ਲੋੜ ਪੈਣ ’ਤੇ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।